ਪੱਤਰ ਪ੍ਰੇਰਕ
ਚੰਡੀਗੜ੍ਹ, 27 ਨਵੰਬਰ
ਅੰਗਦਾਨ ਦਿਵਸ ਮੌਕੇ ਪੀਜੀਆਈ ਚੰਡੀਗੜ੍ਹ ਨੇ ਚੌਥੀ ਵਾਰ ਲਗਾਤਾਰ ਸਰਵੋਤਮ ਹਸਪਤਾਲ ਸ਼੍ਰੇਣੀ ਵਿੱਚ ਕੌਮੀ ਪੁਰਸਕਾਰ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਪੀ.ਜੀ.ਆਈ. ਦੇ ਡਾ. ਨਵਦੀਪ ਬਾਂਸਲ ਨੂੰ ਬੈਸਟ ਟਰਾਂਸਪਲਾਂਟ ਕੋਆਰਡੀਨੇਟਰ ਐਵਾਰਡ ਨਾਲ ਨਿਵਾਜਿਆ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਚੰਡੀਗੜ੍ਹ ਸਥਿਤ ਰੀਜਨਲ ਦਫ਼ਤਰ ਤੋਂ ਸੀਨੀਅਰ ਰੀਜਨਲ ਡਾਇਰੈਕਟਰ ਡਾ. ਅਮਰਜੀਤ ਕੌਰ ਨੇ ਡਾਇਰੈਕਟਰ ਪ੍ਰੋ. ਜਗਤ ਰਾਮ ਨੂੰ ਇਹ ਐਵਾਰਡ ਸੌਂਪਿਆ।
ਇਹ ਐਵਾਰਡ ‘ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ’ (ਨੋਟੋ) ਵੱਲੋਂ ਕਰਵਾਏ ਗਏ ਅੰਗਦਾਨ ਦਿਵਸ ਸਬੰਧੀ ਨਿਰਮਾਣ ਭਵਨ ਨਵੀਂ ਦਿੱਲੀ ਵਿਚ ਕਰਵਾਏ ਗਏ ਪ੍ਰੋਗਰਾਮ ਵਿੱਚ ਐਲਨਿਆ ਗਿਆ। ਸਮਾਗਮ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਵਿਭਾਗ ਦੇ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਵੀ ਪ੍ਰੋਗਰਾਮ ਵਿੱਚ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੋਏ।
ਆਨਲਾਈਨ ਢੰਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੇ ਸਮਾਨੰਤਰ ਪੀ.ਜੀ.ਆਈ. ਦੇ ਕੈਰੋਂ ਬਲਾਕ ਵਿਖੇ ਕਰਵਾਏ ਗਏ ਪ੍ਰੋਗਰਾਮ ਵਿੱਚ ਡਾਇਰੈਕਟਰ ਪ੍ਰੋ. ਜਗਤ ਰਾਮ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਪ੍ਰੋਗਰਾਮ ਦੌਰਾਨ ਅੰਗਦਾਨੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿੱਚ ਰੇਖਾ ਰਾਣੀ ਦੀ ਪਤੀ ਧਰਮਪਾਲ, ਅਮਨਦੀਪ ਦਾ ਪਿਤਾ ਪ੍ਰਤਾਪ ਸਿੰਘ, ਸਤੀਸ਼ ਕੁਮਾਰ ਦੇ ਭਰਾ ਅਮਰਜੀਤ ਸਿੰਘ ਸ਼ਾਮਲ ਸਨ।