ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਮਈ
ਮੁਹਾਲੀ, ਖਰੜ ਅਤੇ ਮੁੱਲਾਂਪੁਰ ਗਰੀਬਦਾਸ ਖੇਤਰ ਵਿੱਚ ਲੋਕਾਂ ਨੂੰ ਆਵਾਜਾਈ ਸਬੰਧੀ ਦਰਪੇਸ਼ ਮੁਸ਼ਕਲਾਂ ਹੱਲ ਹੋਣ ਦੀ ਆਸ ਬੱਝ ਗਈ ਹੈ। ਗਮਾਡਾ ਦੇ ਨਵੇਂ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਪੀਆਰ-4 ਦੇ ਨਿਰਮਾਣ ਅਤੇ ਪੀਆਰ-7 ਦੀ ਸੜਕ ਦੇ ਵਿਸਥਾਰ ਕੰਮਾਂ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਬੰਧਤ ਪ੍ਰਾਜੈਕਟ ਸਾਈਟਾਂ ਦਾ ਦੌਰਾ ਕੀਤਾ। ਉਨ੍ਹਾਂ ਦੇਖਦਿਆਂ ਕਿ ਇਹ ਸੜਕਾਂ ਇਲਾਕੇ ਦੇ ਮੌਜੂਦਾ ਸੰਪਰਕ ਨੂੰ ਬਿਹਤਰ ਬਣਾਉਣ ਲਈ ਬੇਹੱਦ ਜ਼ਰੂਰੀ ਹਨ, ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦਾ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਇਹ ਪ੍ਰਾਜੈਕਟ ਨੇਪਰੇ ਚੜ੍ਹਨ ਤੋਂ ਬਾਅਦ ਚੰਡੀਗੜ੍ਹ ਦੀਆਂ ਸੜਕਾਂ ‘ਤੇ ਵੀ ਟਰੈਫ਼ਿਕ ਘਟੇਗੀ।
ਸ੍ਰੀ ਗੁਪਤਾ ਨੇ ਦੱਸਿਆ ਕਿ ਪੀਆਰ-7 ਸੜਕ ਨੂੰ ਨਿਊ ਸੰਨੀ ਐਨਕਲੇਵ ਤੋਂ ਸ਼ੁਰੂ ਕਰਕੇ ਨਿਊ ਚੰਡੀਗੜ੍ਹ ਵਿੱਚ ਪੀਆਰ-4 ਰੋਡ ਨਾਲ ਜੋੜਨ ਲਈ ਗਮਾਡਾ 8785 ਮੀਟਰ ਲੰਬੀ ਅਤੇ 200 ਫੁੱਟ ਚੌੜੀ ਸੜਕ ਦਾ ਨਿਰਮਾਣ ਕਰ ਰਿਹਾ ਹੈ। ਸੜਕ ਦੇ ਇਸ ਹਿੱਸੇ ਦਾ ਨਿਰਮਾਣ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਨਿਊ ਚੰਡੀਗੜ੍ਹ ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗਾ ਅਤੇ ਯੂਟੀ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰੇਗਾ, ਕਿਉਂਕਿ ਨਿਊ ਚੰਡੀਗੜ੍ਹ ਜਾਣ ਵਾਲੇ ਯਾਤਰੀ ਇਸ ਸੜਕ ਰਾਹੀਂ ਹਵਾਈ ਅੱਡੇ ਤੋਂ ਸਿੱਧਾ ਰੂਟ ਲੈ ਸਕਣਗੇ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋਣਾ ਪਵੇਗਾ। ਕੰਮ ਦੀ ਪ੍ਰਗਤੀ ਬਾਰੇ ਪੁੱਛਣ ‘ਤੇ ਇੰਜਨੀਅਰਿੰਗ ਵਿੰਗ ਨੇ ਮੁੱਖ ਪ੍ਰਸ਼ਾਸਕ ਨੂੰ ਦੱਸਿਆ ਕਿ ਸੜਕ ਦਾ ਲਗਪਗ 87 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ 30 ਅਗਸਤ ਤੱਕ ਇਸ ਨੂੰ ਮੁਕੰਮਲ ਕਰਨ ਦਾ ਟੀਚਾ ਹੈ।
ਮੁੱਖ ਪ੍ਰਸ਼ਾਸਕ ਨੇ ਨਿਊ ਚੰਡੀਗੜ੍ਹ ਵਿੱਚ ਪੀਆਰ-4 ਰੋਡ ਨੂੰ ਚੌੜਾ ਅਤੇ ਮਜ਼ਬੂਤ ਬਣਾਉਣ ਅਤੇ ਤਿੰਨ ਪੁਲਾਂ ਦੇ ਨਿਰਮਾਣ ਦਾ ਨਿਰੀਖਣ ਕੀਤਾ। ਕਿਉਂਕਿ ਇਹ ਸੜਕ ਨਿਊ ਚੰਡੀਗੜ੍ਹ ਅਤੇ ਨਵੇਂ ਬਣ ਰਹੇ ਕ੍ਰਿਕਟ ਸਟੇਡੀਅਮ ਤੱਕ ਸੰਪਰਕ ਨੂੰ ਬਿਹਤਰ ਬਣਾਉਣ ਲਈ ਇੱਕ ਮਹੱਤਵਪੂਰਨ ਕੜੀ ਹੈ। ਗੁਪਤਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਦਾ ਕੰਮ ਨਿਰਧਾਰਿਤ ਸਮਾਂ ਸੀਮਾ ਤੋਂ ਵੱਧ ਨਾ ਜਾਵੇ।