ਮੁਕੇਸ਼ ਕੁਮਾਰ
ਚੰਡੀਗੜ੍ਹ, 24 ਸਤੰਬਰ
ਚੰਡੀਗੜ੍ਹ ਦੇ ਵਾਰਡ ਨੰਬਰ 24 ਅਧੀਨ ਪੈਂਦੇ ਸੈਕਟਰ 42 ਸਥਿਤ ਕੁੜੀਆਂ ਦੇ ਸਰਕਾਰੀ ਕਾਲਜ ਦੇ ਸਾਹਮਣੇ ਗਰੀਨ ਬੈਲਟ ਵਿੱਚ ਮੋਬਾਈਲ ਟਾਵਰ ਲਗਾਏ ਜਾਣ ਨੂੰ ਲੈ ਕੇ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਥੇ ਗਰੀਨ ਬੈਲਟ ਵਿੱਚ ਮੋਬਾਈਲ ਟਾਵਰ ਲਗਾਉਣ ਲਈ ਟੋਆ ਪੁੱਟੇ ਜਾਣ ਦੀ ਸੂਚਨਾਂ ਮਿਲਦੇ ਹੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 42 ਸੀ ਦੇ ਪ੍ਰਧਾਨ ਸਰੋਜ ਸੇਨ, ਸਕੱਤਰ ਸ਼ਸ਼ੀ ਕੁਮਾਰ ਸ਼ਰਮਾ, ਡਿਪਟੀ ਸੈਕਟਰੀ ਹਰਜੀਤ ਸਿੰਘ ਸਮੇਤ ਹੋਰ ਅਹੁਦੇਦਾਰ ਅਤੇ ਇਲਾਕਾ ਵਾਸੀ ਮੌਕੇ ’ਤੇ ਪੁੱਜੇ ਅਤੇ ਇਸ ਬਾਰੇ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਨੂੰ ਵੀ ਮੌਕੇ ’ਤੇ ਬੁਲਾਇਆ।
ਇਥੇ ਗਰੀਨ ਬੈਲਟ ਵਿੱਚ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਸਮੇਤ ਆਸ-ਪਾਸ ਰਹਿਣ ਵਾਲੇ ਹੋਰ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਨਗਰ ਨਿਗਮ ਨੂੰ ਇਥੇ ਮੋਬਾਈਲ ਟਾਵਰ ਨਾ ਲਾਉਣ ਦੀ ਅਪੀਲ ਕੀਤੀ। ਇਸ ਬਾਰੇ ਇਲਾਕਾ ਵਾਸੀਆਂ ਨੇ ਮੋਬਾਈਲ ਟਾਵਰ ਲਗਾਉਣ ਵਾਲੀ ਥਾਂ ਤੇ ਇਕੱਠੇ ਹੋਕੇ ਰੋਸ ਜ਼ਾਹਿਰ ਕੀਤਾ ਅਤੇ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਨੂੰ ਇੱਕ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਗਰੀਨ ਬੈਲਟ ਨੇੜੇ ਇਹ ਮੋਬਾਈਲ ਟਾਵਰ ਲਗਾਉਣ ਦਾ ਕੰਮ ਤੁਰੰਤ ਰੋਕਿਆ ਜਾਵੇ ਅਤੇ ਇਥੇ ਲੋਕਾਂ ਦੀ ਸਹੂਲਤ ਲਈ ਤੁਰੰਤ ਪ੍ਰਭਾਵ ਨਾਲ ਪਖਾਨੇ ਬਣਾਏ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਮੋਬਾਈਲ ਟਾਵਰ ਲਗਾਉਣ ਨਾਲ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪਵੇਗਾ। ਲੋਕਾਂ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਸ-ਪਾਸ ਦੇ ਵਸਨੀਕਾਂ ਦੀ ਸਲਾਹ ਲਏ ਬਿਨਾਂ ਹੀ ਇਥੇ ਗਰੀਨ ਬੈਲਟ ਵਿੱਚ ਮੋਬਾਈਲ ਟਾਵਰ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਜਦਕਿ ਇਸ ਗਰੀਨ ਬੈਲਟ ਵਿੱਚ ਸਵੇਰੇ-ਸ਼ਾਮ ਕਈ ਬਜ਼ੁਰਗ ਵੀ ਸੈਰ ਕਰਨ ਲਈ ਆਉਂਦੇ ਹਨ ਅਤੇ ਬੱਚੇ ਵੀ ਖੇਡਦੇ ਹਨ। ਉਨ੍ਹਾਂ ਕਿਹਾ ਕਿ ਗਰੀਨ ਬੈਲਟ ਵਿੱਚ ਆਉਣ ਵਾਲੇ ਲੋਕਾਂ ਲਈ ਮੋਬਾਈਲ ਟਾਵਰ ਦੀ ਨਹੀਂ, ਸਗੋਂ ਪਖਾਨੇ ਬਣਾਉਣ ਦੀ ਲੋੜ ਹੈ। ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਦੱਸਿਆ ਕਿਇਸ ਮਾਮਲੇ ਸਬੰਧੀ ਜਲਦੀ ਹੀ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਨੂੰ ਮਿਲ ਕੇ ਇਸ ਕੰਮ ਨੂੰ ਰੋਕਣ ਦੀ ਮੰਗ ਕਰਨਗੇ ਅਤੇ ਮੋਬਾਈਲ ਟਾਵਰ ਲਗਾਉਣ ਲਈ ਪੁੱਟੀ ਥਾਂ ’ਤੇ ਪਖਾਨੇ ਬਣਾਉਣ ਬਾਰੇ ਚਰਚਾ ਕਰਨਗੇ।