ਤੰਬਾਕੂ ਸਮੱਗਰੀ ’ਤੇ ਦੇਵਤਿਆਂ ਦੀਆਂ ਤਸਵੀਰਾਂ ਛਾਪਣ ਦਾ ਵਿਰੋਧ
ਅੰਬਾਲਾ: ਰਾਸ਼ਟਰੀ ਬਜਰੰਗ ਦਲ ਨੇ ਬੀੜੀ ਦੇ ਬੰਡਲਾਂ ਅਤੇ ਹੋਰ ਉਤਪਾਦਾਂ ਦੀ ਪੈਕਿੰਗ ’ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਛਾਪਣ ’ਤੇ ਸਖ਼ਤ ਵਿਰੋਧ ਜਿਤਾਇਆ ਹੈ। ਅੱਜ ਬਜਰੰਗ ਦਲ ਦੀ ਟੀਮ ਆਪਣੇ ਆਗੂ ਦੇਵੀ ਲਾਲ ਦੀ ਅਗਵਾਈ ਵਿਚ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਪਹੁੰਚੀ ਅਤੇ ਦੁਕਾਨਦਾਰਾਂ ਨੂੰ ਬੀੜੀ ਦੇ ਅਜਿਹੇ ਬੰਡਲ ਵੇਚਣ ਤੋਂ ਮਨ੍ਹਾ ਕੀਤਾ ਜਿਨ੍ਹਾਂ ਤੇ ਕਿਸੇ ਦੇਵੀ/ ਦੇਵਤੇ ਦੀ ਤਸਵੀਰ ਛਪੀ ਹੋਵੇ। ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੁਕਾਨਦਾਰਾਂ ਅਤੇ ਵਿਤਰਕਾਂ ਨੂੰ ਘੇਰਿਆ ਅਤੇ ਪੁਲੀਸ ਨੂੰ ਵੀ ਮੌਕੇ ’ਤੇ ਬੁਲਾ ਲਿਆ। ਦੇਵੀ ਲਾਲ ਦਾ ਕਹਿਣਾ ਹੈ ਕਿ ਬੀੜੀ ਜਾਂ ਹੋਰ ਪੈਕਟਾਂ/ਬੋਰੀਆਂ ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਛਾਪਣਾ ਹਿੰਦੂ ਧਰਮ ਦਾ ਸਿੱਧਾ ਅਪਮਾਨ ਹੈ ਅਤੇ ਇਸ ਨਾਲ ਕਰੋੜਾਂ ਸਨਾਤਨ ਧਰਮ ਦੇ ਪੈਰੋਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਸੱਟ ਵੱਜਦੀ ਹੈ। -ਨਿੱਜੀ ਪੱਤਰ ਪ੍ਰੇਰਕ
ਫੇਸਬੁੱਕ ’ਤੇ ਖਿਡੌਣੇ ਖ਼ਰੀਦਣੇ ਪਏ ਮਹਿੰਗੇ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਵੱਲੋਂ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕਿਸੇ ਵੀ ਵਸਤੂ ਦੀ ਖ਼ਰੀਦੋ-ਫਰੋਖ਼ਤ ਕਰਨ ਬਾਰੇ ਲੋਕਾਂ ਨੂੰ ਵਾਰ-ਵਾਰ ਸੁਚੇਤ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਰਾਹੀਂ ਅਣਨਾਜ ਵਿਅਕਤੀਆਂ ਤੋਂ ਖ਼ਰੀਦੋ-ਫਰੋਖਤ ਕਰ ਰਹੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਰਹਿਣ ਵਾਲੇ ਸੰਤੋਸ਼ ਕੁਮਾਰ ਨਾਮ ਦੇ ਵਿਅਕਤੀ ਨੂੰ ਫੇਸਬੁੱਕ ਤੋਂ ਖਿਡੌਣੇ ਖ਼ਰੀਦਣੇ ਮਹਿੰਗੇ ਪੈ ਗਏ। ਸੰਤੋਸ਼ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਫੇਸਬੁੱਕ ’ਤੇ ਖਿਡੌਣਿਆਂ ਦਾ ਇਸ਼ਤਿਹਾਰ ਵੇਖ ਕੇ ਖ਼ਰੀਦਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖਾਤੇ ਵਿੱਚੋਂ 42,499 ਰੁਪਏ ਕੱਟ ਗਏ। ਪਰ ਬਾਅਦ ਵਿੱਚ ਨਾਂ ਤਾਂ ਉਸ ਨੂੰ ਖਿਡੌਣੇ ਮਿਲੇ ਸਨ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਆਏ। ਥਾਣਾ ਸਾਈਬਰ ਕ੍ਰਾਈਮ ਦੀ ਪੁਲੀਸ ਨੇ ਉਕਤ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ
ਧੋਖਾਧੜੀ ਦੇ ਦੋਸ਼ ਹੇਠ ਕਾਬੂ
ਅੰਬਾਲਾ: ਅੰਬਾਲਾ ਸਦਰ ਥਾਣੇ ਵਿੱਚ ਦਰਜ ਜ਼ਮੀਨ ਦੀ ਖ਼ਰੀਦੋ-ਫਰੋਖ਼ਤ ਸਬੰਧੀ ਧੋਖਾਧੜੀ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਬੀਰ ਸਿੰਘ ਵਾਸੀ ਰਤਨਗੜ੍ਹ (ਅੰਬਾਲਾ ਸ਼ਹਿਰ) ਵਜੋਂ ਹੋਈ ਹੈ। ਉਸ ’ਤੇ ਸਾਥੀ ਦਰਸ਼ਨ ਸਿੰਘ ਨਾਲ ਮਿਲ ਕੇ ਸ਼ਿਕਾਇਤਕਰਤਾ ਸੁਰਿੰਦਰ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਨੂੰ ਫ਼ਰਜ਼ੀ ਇਕਰਾਰਨਾਮਾ ਦਿਖਾ ਕੇ ਜ਼ਮੀਨ ਵੇਚਣ ਦੇ ਨਾਂ ’ਤੇ ਕਥਿਤ 47.65 ਲੱਖ ਰੁਪਏ ਹੜਪਣ ਦਾ ਦੋਸ਼ ਹੈ। -ਪੱਤਰ ਪ੍ਰੇਰਕ