ਨਵੀਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਵਧਿਆ
ਕਰਮਜੀਤ ਸਿੰਘ ਚਿੱਲਾ
ਬਨੂੜ, 18 ਜੂਨ
ਪੰਜਾਬ ਸਰਕਾਰ ਵੱਲੋਂ ਮੁਹਾਲੀ ਸ਼ਹਿਰ ਦੇ ਨੌਂ ਨਵੇਂ ਵਿਕਸਿਤ ਕੀਤੇ ਜਾਣ ਵਾਲੇ ਸੈਕਟਰਾਂ ਲਈ ਨਵੀਂ ਲੈਂਡ ਪੂਲਿੰਗ ਨੀਤੀ ਅਧੀਨ 6285 ਏਕੜ ਜ਼ਮੀਨ ਐਕੁਆਇਰ ਕਰਨ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਬਾਅਦ ਦੁਪਹਿਰ ਪਿੰਡ ਕੁਰੜੀ ਦੇ ਗੁਰਦੁਆਰੇ ਵਿੱਚ ਅੱਧੀ ਦਰਜਨ ਪਿੰਡਾਂ ਕੁਰੜੀ, ਸਿਆਊ, ਪੱਤੋਂ, ਬੜੀ, ਮਟਰਾਂ ਦੇ ਕਿਸਾਨ ਇਕੱਤਰ ਹੋਏ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬਣਾਈ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਦਿਆਂ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੀਆਂ ਜ਼ਮੀਨਾਂ ਨਵੇਂ ਸੈਕਟਰਾਂ ਲਈ ਨਹੀਂ ਦੇਣਗੇ। ਕਿਸਾਨਾਂ ਨੇ ਨਵੀਂ ਨੀਤੀ ਖ਼ਿਲਾਫ਼ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਦੇਣ ਦਾ ਵੀ ਫ਼ੈਸਲਾ ਕੀਤਾ।
‘ਆਮ ਆਦਮੀ ਘਰ ਬਚਾਓ ਮੋਰਚੇ’ ਦੇ ਆਗੂਆਂ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਹਰਮਿੰਦਰ ਸਿੰਘ ਮਾਵੀ, ‘ਆਪ’ ਆਗੂ ਇਕਬਾਲ ਸਿੰਘ ਰਾਏਪੁਰ ਖੁਰਦ, ਮਾਸਟਰ ਪ੍ਰਿਤਪਾਲ ਸਿੰਘ ਕੁਰੜੀ, ਅਰਵਿੰਦਰ ਸਿੰਘ ਗਿੱਲ, ਛੱਜਾ ਸਿੰਘ, ਬਹਾਦਰ ਸਿੰਘ ਬੜੀ, ਸਰਪੰਚ ਕੁਰੜੀ ਨਾਹਰ ਸਿੰਘ, ਹਰਵਿੰਦਰ ਸਿੰਘ ਢੋਲ, ਜਗਰੂਪ ਸਿੰਘ ਢੋਲ ਆਦਿ ਨੇ ਆਖਿਆ ਕਿ ਨਵੀਂ ਨੀਤੀ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਲੈਂਡ ਪੂਲਿੰਗ ਨੀਤੀ ਹਰ ਕਿਸਾਨ ਨੂੰ ਫ਼ਾਇਦਾ ਦਿੰਦੀ ਸੀ ਪਰ ਨਵੀਂ ਨੀਤੀ ਸਿਰਫ਼ ਕਾਰਪੋਰੇਟਾਂ ਅਤੇ ਵੱਡੀਆਂ ਰੀਅਲ ਅਸਟੇਟ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਬਣਾਈ ਗਈ।
ਕਿਸਾਨਾਂ ਨੇ ਕਿਹਾ ਕਿ ਨਵੀਂ ਨੀਤੀ ਤਹਿਤ ਤਿੰਨ ਕਨਾਲ ਤੱਕ ਦੀ ਜ਼ਮੀਨ ਵਾਲੇ ਕਿਸਾਨ ਨੂੰ ਕੋਈ ਵੀ ਕਮਰਸ਼ੀਅਲ ਥਾਂ ਨਾ ਦੇਣਾ, ਇੱਕ ਏਕੜ ਵਾਲੇ ਕਿਸਾਨ ਨੂੰ ਇੱਕ ਹਜ਼ਾਰ ਗਜ਼ ਰਿਹਾਇਸ਼ੀ ਥਾਂ ਦੇ ਪਲਾਟਾਂ ਲਈ ਪਹਿਲਾਂ ਚੱਲਦੀ ਪ੍ਰਣਾਲੀ ਨੂੰ ਭੰਗ ਕਰ ਕੇ ਪੰਜ-ਪੰਜ ਸੌ ਗਜ਼ ਦੇ ਪਲਾਟ ਦੇਣਾ, ਸਨਅਤੀ ਅਤੇ ਸੰਸਥਾਵਾਂ ਵਾਲੇ ਸੈਕਟਰਾਂ ਲਈ ਕਿਸਾਨਾਂ ਨੂੰ ਕਮਰਸ਼ੀਅਲ ਥਾਂ ਨਾ ਦੇਣਾ ਧੱਕਾ ਹੈ। ਉਨ੍ਹਾਂ ਕਿਹਾ ਕਿ ਨਵੀਂ ਲੈਂਡ ਪੂਲਿੰਗ ਨੀਤੀ ਬਣਾਉਣ ਸਮੇਂ ਕਿਸੇ ਵੀ ਕਿਸਾਨ ਦੀ ਸਲਾਹ ਨਹੀਂ ਲਈ ਗਈ ਤੇ ਹੁਣ ਇਹ ਨੀਤੀ ਉਨ੍ਹਾਂ ਉੱਤੇ ਥੋਪੀ ਜਾ ਰਹੀ ਹੈ ਤੇ ਉਹ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਪੁਰਾਣੀ ਲੈਂਡ ਪੂਲਿੰਗ ਨੀਤੀ ਹੀ ਲਾਗੂ ਕਰਨ ਦੀ ਮੰਗ ਕੀਤੀ।
ਇਸ ਮੌਕੇ ਦੀਦਾਰ ਸਿੰਘ ਬੜੀ, ਮਾਨ ਸਿੰਘ ਸਿਆਊ, ਪਾਲੀ ਸਿਆਊ, ਸੰਦੀਪ ਸਿੰਘ ਪੱਤੋਂ, ਸੁਰਮੁੱਖ ਸਿੰਘ ਮਟਰਾਂ, ਗੁਰਮੁੱਖ ਸਿੰਘ, ਦਲਬੀਰ ਸਿੰਘ ਬੜੀ ਆਦਿ ਵੀ ਹਾਜ਼ਰ ਸਨ।
‘ਜ਼ਮੀਨ ਲੈਣ ਅਤੇ ਲੈਂਡ ਪੂਲਿੰਗ ਦਾ ਪੈਮਾਨਾ ਇੱਕ ਕਰੇ ਗਮਾਡਾ’
ਕਿਸਾਨਾਂ ਨੇ ਆਖਿਆ ਕਿ ਗਮਾਡਾ ਵੱਲੋਂ ਕਿਸਾਨਾਂ ਤੋਂ ਜਦੋਂ ਜ਼ਮੀਨ ਲਈ ਜਾਂਦੀ ਹੈ ਤਾਂ ਇੱਕ ਏਕੜ ਦੇ 4840 ਵਰਗ ਗਜ਼ ਲਏ ਜਾਂਦੇ ਹਨ। ਕਿਸਾਨਾਂ ਨੂੰ ਪਲਾਟ ਦੇਣ ਸਮੇਂ 4000 ਵਰਗ ਗਜ਼ ਦੇ ਹਿਸਾਬ ਨਾਲ ਥਾਂ ਦਿੱਤੀ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਜ਼ਮੀਨ ਲੈਣ ਅਤੇ ਪਲਾਟ ਦੇਣ ਦੇ ਅਲੱਗ-ਅਲੱਗ ਤੈਅ ਕੀਤੇ ਪੈਮਾਨੇ ਨੂੰ ਉਹ ਹਾਈ ਕੋਰਟ ਵਿੱਚ ਵੀ ਚੁਣੌਤੀ ਦੇਣਗੇ।