ਪੰਜਾਬ ਸਰਕਾਰ ਵੱਲੋਂ ਇਸ ਵਾਰ ਅਨਾਜ ਮੰਡੀਆਂ ਜਲਦੀ ਬੰਦ ਕਰਨ ਦਾ ਕੁੱਲ ਹਿੰਦ ਕਿਸਾਨ ਸਭਾ ਨੇ ਵਿਰੋਧ ਕਰਦਿਆਂ ਮੰਗ ਕੀਤੀ ਕਿ ਵੱਡੇ ਪੱਧਰ ’ਤੇ ਆ ਰਹੀ ਕਣਕ ਦੀ ਖ਼ਰੀਦ ਲਈ ਮੰਡੀਆਂ ਘੱਟੋ-ਘੱਟ 15 ਮਈ ਤੱਕ ਖੋਲ੍ਹੀਆਂ ਜਾਣ।
ਇੱਥੇ ਅੱਜ ਗੱਲਬਾਤ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਪ੍ਰਧਾਨ ਗਿਆਨੀ ਰਾਮ ਪਾਲ ਸਿੰਘ ਭਲਾਣ, ਮਾਸਟਰ ਪਰਮਿੰਦਰ ਸਿੰਘ ਬੇਲਾ, ਓਮੀ ਸੈਣੀ ਅਤੇ ਕੁਲਦੀਪ ਸਿੰਘ ਕੁਲਗਰਾ ਨੇ ਕਿਹਾ ਕਿ ਰੋਪੜ ਜ਼ਿਲ੍ਹੇ ਨਾਲ ਸਬੰਧਿਤ ਸਾਰੀਆਂ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਅਜੇ ਵੱਡੇ ਪੱਧਜ ’ਤੇ ਕਣਕ ਖੇਤਾਂ ’ਚ ਖੜ੍ਹ ਹੈ। ਖਾਸ ਕਰ ਕੇ ਬਾਗ਼ ਵਾਲੇ ਖੇਤਾਂ ਵਿੱਚ ਕਣਕ ਦੀ ਫ਼ਸਲ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਮੰਡੀਆਂ ਪਹਿਲਾਂ ਹੀ ਦੇਰੀ ਨਾਲ ਸ਼ੁਰੂ ਕੀਤੀਆਂ ਗਈਆਂ ਤੇ ਜਲਦੀ ਬੰਦ ਕਰ ਦਿੱਤੀਆਂ ਗਈਆਂ ਪਰ ਦੂਜੇ ਪਾਸੇ ਮੌਸਮ ਖਰਾਬ ਹੋਣ ਕਾਰਨ ਕਣਕ ਦੀ ਵਾਢੀ ਮੁਕੰਮਲ ਨਹੀਂ ਹੋ ਸਕੀ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ, ਖੇਤੀਬਾੜੀ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਅਨਾਜ ਮੰਡੀਆਂ ਕੁਝ ਦਿਨ ਹੋਰ ਚਾਲੂ ਰੱਖੀਆਂ ਜਾਣ ਤਾਂ ਜੋ ਕਿਸਾਨ ਆਪਣੀ ਫ਼ਸਲ ਮੰਡੀ ਵਿੱਚ ਵੇਚ ਸਕਣ।
ਉਨ੍ਹਾਂ ਲੋਕਾਂ ਨੂੰ ਕੁੱਲ ਹਿੰਦ ਕਿਸਾਨ ਸਭਾ ਦਾ ਸਾਥ ਦੇਣ ਅਤੇ ਪਿੰਡਾਂ ਵਿੱਚ ਇਕਾਈਆਂ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਨਾਲ ਸੰਘਰਸ਼ ਕਰ ਕੇ ਅਨਾਜ ਮੰਡੀਆਂ ਨੂੰ ਦੁਬਾਰਾ ਖੁੱਲ੍ਹਵਾਇਆ ਜਾ ਸਕੇ।

