ਸਬ-ਇੰਸਪੈਕਟਰਾਂ ਨੂੰ ਐੱਸਐੱਚਓ ਲਾਉਣ ਦਾ ਵਿਰੋਧ
ਐਂਟੀ ਟੈਰੇਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਨੇ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਪੱਤਰ ਲਿਖ ਕੇ ਸੂਬੇ ਦੇ ਸਾਰੇ ਥਾਣਿਆਂ ਵਿੱਚ ਲੱਗੇ ਸਬ-ਇੰਸਪੈਕਟਰ ਰੈਂਕ ਦੇ ਐੱਸਐੱਚਓ ਨੂੰ ਫੌਰੀ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 2021 ਵਿੱਚ ਡੀਜੀਪੀ ਵੱਲੋਂ ਜਾਰੀ ਕੀਤੇ ਸਰਕੁਲਰ ਅਨੁਸਾਰ ਹਰਿਆਣਾ ਦੇ ਕਿਸੇ ਵੀ ਥਾਣੇ ਵਿੱਚ ਸਬ ਇੰਸਪੈਕਟਰ ਐਸਐਚਓ ਨਹੀਂ ਲਗ ਸਕਦੇ, ਪਰ ਅੰਬਾਲਾ ਸਮੇਤ ਕਈ ਥਾਣਿਆਂ ਵਿੱਚ ਇਹ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੰਬਾਲਾ ਦੇ ਬਲਦੇਵ ਨਗਰ, ਸਦਰ, ਨੱਗਲ, ਪੰਜੋਖਰਾ, ਮੁਲਾਣਾ ਅਤੇ ਸਾਹਾ ਥਾਣਿਆਂ ਵਿੱਚ ਸਬ ਇੰਸਪੈਕਟਰ ਬਤੌਰ ਐੱਸਐੱਚਓ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਬ-ਇੰਸਪੈਕਟਰ ਰਾਜਨੀਤਿਕ ਅਸਰ ਰਾਹੀਂ ਇਹ ਥਾਂ ਪ੍ਰਾਪਤ ਕਰਦੇ ਹਨ ਅਤੇ ਉਨ੍ਹਾਂ ਦੀ ਰਾਜਨੀਤਿਕ ਰਜ਼ਾਮੰਦੀ ਅਨੁਸਾਰ ਕੰਮ ਕਰਦੇ ਹਨ, ਜੋ ਲੋਕਤੰਤਰ ਅਤੇ ਕਾਨੂੰਨੀ ਪ੍ਰਕਿਰਿਆ ਲਈ ਖਤਰਨਾਕ ਗੱਲ ਹੈ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਦੇ ਸਾਰੇ ਐਸਪੀ, ਆਈਜੀ ਅਤੇ ਪੁਲੀਸ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਜਾਣ ਕਿ ਸਾਰੇ ਥਾਣਿਆਂ ਵਿੱਚ ਸਿਰਫ ਇੰਸਪੈਕਟਰ ਰੈਂਕ ਦੇ ਅਧਿਕਾਰੀ ਹੀ ਐਸਐਚਓ ਲਗਾਏ ਜਾਣ ਅਤੇ ਇਹ ਨਿਯੁਕਤੀਆਂ ਇਕ ਸਾਲ ਲਈ ਹੋਣ।