ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਜੂਨ
ਇਥੋਂ ਦੇ ਸਕੂਲਾਂ ਨੇ ਕਰੋਨਾ ਕਾਰਨ ਆਨਲਾਈਨ ਪੜ੍ਹਾਈ ਤਾਂ ਸ਼ੁਰੂ ਕੀਤੀ ਹੋਈ ਹੈ ਤੇ ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਨੇ ਪ੍ਰੀਖਿਆਵਾਂ ਵੀ ਆਨਲਾਈਨ ਹੀ ਲੈ ਲਈਆਂ ਹਨ। ਸ਼ਹਿਰ ਦੇ ਕਈ ਪ੍ਰਾਈਵੇਟ ਸਕੂਲਾਂ ਨੇ ਹੁਣ ਪੂਰਾ ਸਮਾਂ ਆਨਲਾਈਨ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮਾਪੇ ਅਧਿਆਪਕ ਮਿਲਣੀਆਂ ਵੀ ਆਨਲਾਈਨ ਸ਼ੁਰੂ ਹੋ ਗਈਆਂ ਹਨ।
ਇਹ ਜਾਣਕਾਰੀ ਮਿਲੀ ਹੈ ਕਿ ਕਾਰਮਲ ਸਕੂਲ ਨੇ ਮਿਡ-ਟਰਮ ਪ੍ਰੀਖਿਆਵਾਂ ਆਨਲਾਈਨ ਲਈਆਂ ਹਨ। ਸਕੂਲ ਨੇ ਵਿਦਿਆਰਥਣਾਂ ਦੀ ਆਨਲਾਈਨ ਪ੍ਰੀਖਿਆ ਲਈ ਤੇ ਨਤੀਜਾ ਵੀ ਨਾਲ ਦੀ ਨਾਲ ਆਨਲਾਈਨ ਹੀ ਭੇਜ ਦਿੱਤਾ। ਸਕੂਲ ਵਲੋਂ ਪ੍ਰੀਖਿਆ ਦਾ ਸਮਾਂ ਅੱਧਾ ਘੰਟਾ ਰੱਖਿਆ ਗਿਆ ਤੇ ਉਸ ਵਿਚ 40 ਸਵਾਲ ਹੱਲ ਕਰਨ ਲਈ ਦਿੱਤੇ ਗਏ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ੋਂ ਵਿਦਿਆਰਥਣਾਂ ਨੂੰ ਆਨਲਾਈਨ ਲਿੰਕ ਭੇਜ ਕੇ ਪ੍ਰੀਖਿਆ ਲਈ ਗਈ। ਗੁਰੂਕੁਲ ਗਲੋਬਲ ਸਕੂਲ ਮਨੀਮਾਜਰਾ ਨੇ ਅਧਿਆਪਕ ਮਾਪੇ ਮਿਲਣੀ ਵੀਡੀਓ ਕਾਲ ਜ਼ਰੀਏ ਕੀਤੀ ਹੈ। ਸਕੂਲ ਵਲੋਂ ਮਾਪਿਆਂ ਨੂੰ ਮਿਲਣੀ ਬਾਰੇ ਅਗਾਊਂ ਸੂਚਿਤ ਕੀਤਾ ਜਾਂਦਾ ਹੈ ਤੇ ਹਰ ਮਾਪੇ ਨੂੰ 5 ਤੋਂ 10 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਦੌਰਾਨ ਮਾਪਿਆਂ ਤੋਂ ਆਨਲਾਈਨ ਕਰਵਾਈ ਗਈ ਪੜ੍ਹਾਈ ਬਾਰੇ ਫੀਡਬੈਕ ਲਈ ਗਈ ਤਾਂ ਕਿ ਰਹਿ ਗਈਆਂ ਖਾਮੀਆਂ ਦੂਰ ਕੀਤੀਆਂ ਜਾ ਸਕਣ। ਇਸ ਤੋਂ ਇਲਾਵਾ ਭਵਨ ਵਿਦਿਆਲਿਆ ਸਕੂਲ ਦੇ ਦੋਵੇਂ ਵਿੰਗਾਂ ਨੇ ਵੀ ਆਨਲਾਈਨ ਅਧਿਆਪਕ ਮਾਪੇ ਮਿਲਣੀਆਂ ਦੇ ਪ੍ਰਬੰਧ ਕਰ ਲਏ ਹਨ।