ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 20 ਸਤੰਬਰ
ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਦਰਮਿਆਨ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ 22 ਸਤੰਬਰ ਨੂੰ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਹੋਵੇਗਾ। ਦਿਨ ਅਤੇ ਰਾਤ ਦੇ ਇਸ ਮੈਚ ਵਿੱਚ ਹਿੱਸਾ ਲੈਣ ਲਈ ਆਸਟਰੇਲੀਆ ਦੀ ਸਮੁੱਚੀ ਕ੍ਰਿਕਟ ਟੀਮ ਅੱਜ ਮੁਹਾਲੀ ਪੁੱਜ ਗਈ ਹੈ ਤੇ ਬਾਅਦ ਦੁਪਹਿਰ ਟੀਮ ਨੇ ਪੀਸੀਏ ਵਿੱਚ ਪਹੁੰਚ ਕੇ ਅਭਿਆਸ ਵੀ ਕੀਤਾ। ਭਾਰਤੀ ਟੀਮ ਵੀ ਦੇਰ ਰਾਤ ਮੁਹਾਲੀ ਪਹੁੰਚ ਜਾਵੇਗੀ ਅਤੇ ਵੀਰਵਾਰ ਨੂੰ ਦੋਵੇਂ ਟੀਮਾਂ ਸਟੇਡੀਅਮ ਵਿੱਚ ਅਭਿਆਸ ਕਰਨਗੀਆਂ। ਪੁਲੀਸ ਵੱਲੋਂ ਮੈਚ ਨੂੰ ਮੁੱਖ ਰੱਖਦਿਆਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐੱਸ ਤਿੜਕੇ ਨੇ ਮੈਚ ਦੇ ਪ੍ਰਬੰਧਾਂ ਸਬੰਧੀ ਸਟੇਡੀਅਮ ਵਿਖੇ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਸੜਕਾਂ ਦੀ ਸਾਫ਼ ਸਫਾਈ, ਸੀਵਰੇਜ, ਲਾਈਟਾਂ, ਰਿਫ਼ਲੈਕਟਰਜ਼, ਪਾਰਕਿੰਗ ਦੇ ਢੁਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਮੈਚ ਦੇਖਣ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸ਼ਟਲ ਸੇਵਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਐਸਡੀਐਮ ਚੰਦਰ ਜੋਤੀ ਸਿੰਘ, ਸਹਾਇਕ ਕਮਿਸ਼ਨਰ ਹਰਜੋਤ ਕੌਰ, ਸੰਯੁਕਤ ਕਮਿਸ਼ਨਰ ਨਗਰ ਨਿਗਮ ਕਿਰਨ ਸ਼ਰਮਾ, ਡੀਐਸਪੀ ਹਰਸਿਮਰਨ ਸਿੰਘ ਬੱਲ ਆਦਿ ਵੀ ਹਾਜ਼ਰ ਸਨ।
ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਦਾਅਵਾ ਕੀਤਾ ਕਿ ਮੈਚ ਲਈ ਤਿਆਰੀਆਂ ਮੁਕੰਮਲ ਹਨ।