ਚੰਡੀਗੜ੍ਹ ਦੀਆਂ 11 ਮਾਰਕੀਟਾਂ ਵਿੱਚ ਔਡ-ਈਵਨ ਫਾਰਮੁੂਲਾ ਲਾਗੂ

ਚੰਡੀਗੜ੍ਹ ਦੀਆਂ 11 ਮਾਰਕੀਟਾਂ ਵਿੱਚ ਔਡ-ਈਵਨ ਫਾਰਮੁੂਲਾ ਲਾਗੂ

ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਮੀਟਿੰਗ ਦੀ ਅਗਵਾਈ ਕਰਦੇ ਹੋਏ।

ਆਤਿਸ਼ ਗੁਪਤਾ
ਚੰਡੀਗੜ੍ਹ, 7 ਅਗਸਤ

ਸਿਟੀ ਬਿਊਟੀਫੁੱਲ ਵਿੱਚ ਨਿਤ ਵਧ ਰਹੇ ਕਰ ਕਰੋਨਾ ਦੇ ਕੇਸਾਂ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿੱਚ ਸਥਿਤ 11 ਭੀੜ-ਭੜੱਕੇ ਵਾਲੀਆਂ ਬੂਥ ਮਾਰਕੀਟਾਂ ’ਤੇ 6 ਦਿਨਾਂ ਲਈ ਔਡ/ਈਵਨ (ਜਿਸਤ/ਟਾਂਕ) ਫਾਰਮੁੂਲਾ ਲਾਗੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸੈਕਟਰ-22 ਮੋਬਾਈਲ ਮਾਰਕੀਟ ਵਿੱਚ ਪੈਂਦੀ 4 ਮਾਰਕੀਟਾਂ ਨੂੰ 6 ਦਿਨਾਂ ਲਈ ਮੁਕੰਮਲ ਬੰਦ ਕਰਨ ਦੇ ਆਦੇਸ਼ ਦਿੱਤੇੇ ਹਨ। ਇਸ ਗੱਲ ਦਾ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਕੋਵਿਡ-19 ਦੇ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਕੀਤਾ ਗਿਆ। ਸ੍ਰੀ ਬਦਨੌਰ ਨੇ ਦੱਸਿਆ ਕਿ ਸ਼ਹਿਰ ਦੇ ਸੈਕਟਰ-43 ਵਿੱਚ ਸਥਿਤ ਸਕੂਟਰ ਰਿਪੇਅਰ ਮਾਰਕੀਟ ਹਰ ਐਤਵਾਰ ਬੰਦ ਰਹੇਗੀ। ਜਦਕਿ ਸੁਖਨਾ ਝੀਲ ਨੂੰ ਸ਼ਨਿਚਰਵਾਰ ਅਤੇ ਐਤਵਾਰ ਨੂੰ ਲੋਕਾਂ ਲਈ ਬੰਦ ਕਰਨ ਦੇ ਆਦੇਸ਼ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਸਮੂਹ ਐੱਸਡੀਐੱਮਜ਼ ਨੂੰ ਆਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਇਲਾਕੇ ਵਿੱਚ ਮਾਰਕੀਟ ਐਸੋਸੀਏਸ਼ਨ ਨਾਲ ਤਾਲਮੇਲ ਕਰਕੇ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨ।

ਪ੍ਰਸ਼ਾਸਕ ਨੇ ਸਪਸ਼ਟ ਕੀਤਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਹਰ ਹਫ਼ਤੇ ਇਨ੍ਹਾਂ ਆਦੇਸ਼ਾਂ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਪੀਜੀਆਈ ਨੂੰ ਰੈਪਿਡ ਐਂਟੀਜਨ ਟੈਸਟ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਥੋੜ੍ਰੈ ਸਮੇਂ ਵਿੱਚ ਵਧ ਤੋਂ ਵਧ ਵਿਅਕਤੀਆਂ ਦੀ ਜਾਂਚ ਕੀਤੀ ਜਾ ਸਕੇ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਆਈਸੀ ਐਮਆਰ ਵੱਲੋਂ ਸ਼ਹਿਰ ਵਿਚਲੀ ਨਿੱਜੀ ਲੈਬਾਂ ਨੂੰ ਕਰੋਨਾਵਾਇਰਸ ਦੇ ਟੈਸਟਾਂ ਤੋਂ ਇਲਾਵਾ ਰੈਪਿਡ ਐਂਟੀਜਨ ਟੈਸਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਔਡ/ਈਵਨ ਵਾਲੀਆਂ ਮਾਰਕੀਟਾਂ

ਸੈਕਟਰ-41 ਦੀ ਕ੍ਰਿਸ਼ਨਾ ਮਾਰਕੀਟ,

ਬੁੜੈਲ ਚੌਕ ਮਾਰਕੀਟ ਏਰੀਆ

ਸੈਕਟਰ-22 ਸ਼ਾਸਤਰੀ ਮਾਰਕੀਟ

ਸੈਕਟਰ-15 ਪਟੇਲ ਮਾਰਕੀਟ

ਸੈਕਟਰ-8 ਦੀ ਅੰਦਰਲੀ ਮਾਰਕੀਟ

ਸੈਕਟਰ-20 ਦੀ ਆਜ਼ਾਦ ਮਾਰਕੀਟ

ਸੈਕਟਰ-20 ਦੀ ਪੈਲੇਸ ਮਾਰਕੀਟ

ਸੈਕਟਰ-21 ਦੀ ਬੂਥ ਮਾਰਕੀਟ

ਸੈਕਟਰ-19 ਦੀ ਪਾਲਿਕਾ ਬਾਜ਼ਾਰ

ਸੈਕਟਰ-19 ਦਾ ਸਦਰ ਬਾਜ਼ਾਰ

ਸੈਕਟਰ-27 ਵਿੱਚ ਜਨਤਾ ਮਾਰਕੀਟ

8 ਤੋਂ 14 ਅਗਸਤ ਤੱਕ ਚਾਰ ਮਾਰਕੀਟ ਬੰਦ

ਯੂਟੀ ਪ੍ਰਸ਼ਾਸਨ ਅਨੁਸਾਰ ਸੈਕਟਰ-22 ਦੀ ਮੋਬਾਈਲ ਮਾਰਕੀਟ ਵਿੱਚ ਸਥਿਤ 4 ਮਾਰਕੀਟਾਂ ਨੂੰ ਬੰਦ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਰਾਧਾ ਮਾਰਕੀਟ ਐਸਸੀਓ ਨੰਬਰ 1010-11, ਅਟਾਰੀ ਮਾਰਕੀਟ ਐਸਸੀਓ 1030-31, ਸਵੀਟੀ ਮਾਰਕੀਟ ਐਸਸੀਓ 1004 ਅਤੇ ਐਸਸੀਓ 1003-04 ਸ਼ਾਮਲ ਹਨ। ਇਹ ਚਾਰੋਂ ਮਾਰਕੀਟਾਂ 8 ਅਗਸਤ ਤੋਂ 14 ਅਗਸਤ ਤੱਕ ਬੰਦ ਰਹਿਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All