ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਅੱਜ : The Tribune India

ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਅੱਜ

ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਅੱਜ

ਰਿਟਰਨਿੰਗ ਅਫ਼ਸਰ ਐਡਵੋਕੇਟ ਰਾਜੇਸ਼ ਸ਼ਰਮਾ ਜਾਣਕਾਰੀ ਦਿੰਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 30 ਨਵੰਬਰ

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ 16 ਦਸੰਬਰ ਨੂੰ ਹੋਣ ਜਾ ਰਹੀਆਂ ਹਨ, ਜਿਸ ਲਈ ਨਾਮਜ਼ਦਗੀਆਂ ਭਲਕੇ 1 ਦਸੰਬਰ ਨੂੰ ਦਾਖਲ ਕੀਤੀਆਂ ਜਾਣਗੀਆਂ। ਨਾਮਜ਼ਦਗੀਆਂ ਦਾਖਲ ਕਰਨ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਅਤੇ ਬਾਅਦ ਦੁਪਹਿਰ 3 ਵਜੇ ਤੋਂ 4 ਵਜੇ ਤੱਕ ਤੈਅ ਕੀਤਾ ਗਿਆ ਹੈ। ਇਹ ਚੋਣਾਂ ਰਿਟਰਨਿੰਗ ਅਫ਼ਸਰ ਐਡਵੋਕੇਟ ਰਾਜੇਸ਼ ਸ਼ਰਮਾ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ।

ਰਿਟਰਨਿੰਗ ਅਫ਼ਸਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਹ ਚੋਣਾਂ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ (ਔਰਤ), ਖਜ਼ਾਨਚੀ, ਲਾਈਬ੍ਰੇਰੀ ਸਕੱਤਰ, 6 ਸੀਨੀਅਰ ਕਾਰਜਕਾਰੀ ਮੈਂਬਰ ਅਤੇ 6 ਜੂਨੀਅਰ ਕਾਰਜਕਾਰੀ ਮੈਂਬਰਾਂ ਲਈ ਹੋਣਗੀਆਂ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 3 ਦਸੰਬਰ ਨੂੰ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਪੱਤਰ 6 ਦਸੰਬਰ ਦੁਪਹਿਰ ਇਕ ਵਜੇ ਤੱਕ ਵਾਪਸ ਲਏ ਜਾ ਸਕਣਗੇ ਜਦੋਂ ਕਿ ਵੋਟਾਂ 16 ਦਸੰਬਰ ਨੂੰ ਸਵੇਰੇ 9.30 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਐਡਵੋਕੇਟ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ 2250 ਦੇ ਕਰੀਬ ਵੋਟਰਾਂ ਵੱਲੋਂ ਆਪਣੇ ਵੋਟ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਚੋਣਾਂ ਵਿੱਚ ਕਿਸੇ ਵੀ ਉਮੀਦਵਾਰ ਨੂੰ ਅਦਾਲਤੀ ਕੰਪਲੈਕਸ ਦੀ ਬਿਲਡਿੰਗ ’ਤੇ ਪੋਸਟਰ ਜਾਂ ਫਲੈਕਸ ਲਗਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। 

ਚੋਣਾਂ ਦੇ ਰਿਟਰਨਿੰਗ ਅਫਸਰ ਨੇ ਕਿਹਾ ਕਿ 16 ਦਸੰਬਰ ਨੂੰ ਵੋਟਾਂ ਵਾਲੇ ਦਿਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਹਰੇਕ ਵੋਟਰ ਨੂੰ ਚੰਗੀ ਤਰ੍ਹਾਂ ਪੜਤਾਲ ਤੋਂ ਬਾਅਦ ਹੀ ਵੋਟ ਦੀ ਵਰਤੋਂ ਕਰਨ ਦਿੱਤੀ ਜਾਵੇਗੀ।

ਫਤਹਿਗੜ੍ਹ ਸਾਹਿਬ: 12 ਉਮੀਦਵਾਰ ਚੋਣ ਮੈਦਾਨ ਵਿੱਚ

ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ 9 ਦਸੰਬਰ ਨੂੰ ਹੋਣ ਵਾਲੀ ਚੋਣ ਲਈ 12 ਉਮੀਦਵਾਰਾਂ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਚੋਣ ਅਬਜ਼ਰਵਰ ਐਡਵੋਕੇਟ ਐੱਨ.ਕੇ. ਪੁਰੀ ਅਤੇ ਗੁਰਸ਼ਰਨਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਲਈ ਵਰਿੰਦਰ ਸਿੰਘ ਢਿੱਲੋਂ, ਉਪ ਪ੍ਰਧਾਨ ਲਈ ਸੰਜੀਵ ਅਬਰੋਲ, ਸੈਕਟਰੀ ਲਈ ਪਰਮਿੰਦਰ ਸਿੰਘ ਤੂਰ, ਜੁਆਇੰਟ ਸੈਕਟਰੀ ਲਈ ਜਸਪ੍ਰੀਤ ਸਿੰਘ ਝਿੰਜਰ, ਖਜ਼ਾਨਚੀ ਲਈ ਜਸਪ੍ਰੀਤ ਕੌਰ ਅਤੇ ਲਾਇਬ੍ਰੇਰੀ ਇੰਚਾਰਜ ਲਈ ਰੀਨਾ ਰਾਣੀ ਨੇ ਕਾਗ਼ਜ਼ ਦਾਖਲ ਕੀਤੇ। ਦੂਜੇ ਧੜੇ ਲਈ ਪ੍ਰਧਾਨ ਦੇ ਅਹੁਦੇ ਲਈ ਗਗਨਦੀਪ ਸਿੰਘ ਵਿਰਕ, ਮੀਤ ਪ੍ਰਧਾਨ ਲਈ ਅਮਨਦੀਪ ਸਿੰਘ ਸੇਖਵਾਂ, ਸੈਕਟਰੀ ਲਈ ਕਮਲਜੀਤ ਮੱਟੂ, ਜੁਆਇੰਟ ਸੈਕਟਰੀ ਲਈ ਹਰਸ਼ਿਤ ਧੀਰ, ਖਜ਼ਾਨਚੀ ਲਈ ਅੰਕੁਸ਼ ਖੱਤਰੀ ਅਤੇ ਲਾਈਬ੍ਰੇਰੀਅਨ ਲਈ ਗੁਰਪ੍ਰੀਤ ਗੁਰਨਾ ਨੇ ਕਾਗ਼ਜ਼ ਦਾਖ਼ਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਵੋਟਾਂ 9 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਪੈਣਗੀਆਂ ਅਤੇ ਮਗਰੋਂ ਉਸੇ ਦਿਨ ਗਿਣਤੀ ਕਰਕੇ ਨਤੀਜਾ ਐਲਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨਗੀ ਸਮੇਤ ਹਰੇਕ ਅਹੁਦੇ ਲਈ 2-2 ਉਮੀਦਵਾਰ ਚੋਣ ਮੈਦਾਨ ਵਿਚ ਹਨ, ਇਨ੍ਹਾਂ ਚੋਣਾਂ ਵਿੱਚ 459 ਵੋਟਰ ਆਪਣੇ ਲੋਕਤੰਤਰੀ ਹੱਕ ਦਾ ਇਸਤੇਮਾਲ ਕਰਨਗੇ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਅਮਰਦੀਪ ਸਿੰਘ ਧਰਾਨੀ, ਸਾਬਕਾ ਪ੍ਰਧਾਨ ਬ੍ਰਿਜਮੋਹਨ ਸਿੰਘ ਤੇ ਪੀ.ਸੀ ਜੋਸ਼ੀ ਨੇ ਕਿਹਾ ਕਿ ਚੋਣਾਂ ਨਿਰਪੱਖ ਤਰੀਕੇ ਨਾਲ ਹੋਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All