ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਨਾ ਮਿਲਿਆ ਹੁੰਗਾਰਾ

ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਨਾ ਮਿਲਿਆ ਹੁੰਗਾਰਾ

ਹਫ਼ਤਾਵਾਰੀ ਲੌਕਡਾਊਨ ਦੌਰਾਨ ਬਨੂੜ ਦਾ ਬੰਦ ਪਿਆ ਮੁੱਖ ਬਾਜ਼ਾਰ।

ਕਰਮਜੀਤ ਸਿੰਘ ਚਿੱਲਾ

ਬਨੂੜ, 8 ਮਈ

ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਵਿੱਚ ਲੌਕਡਾਊਨ ਦਾ ਵਿਰੋਧ ਕਰਕੇ ਦੁਕਾਨਾਂ ਖੋਲ੍ਹਣ ਦੇ ਸੱਦੇ ਨੂੰ ਅੱਜ ਬਨੂੜ ਵਿੱਚ ਕੋਈ ਹੁੰਗਾਰਾ ਨਹੀਂ ਮਿਲਿਆ। ਸ਼ਹਿਰ ਵਿੱਚ ਡਾਕਟਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਫ਼ਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਹੀ ਖੁੱਲ੍ਹੀਆਂ ਤੇ ਬਾਕੀ ਸਾਰਾ ਬਾਜ਼ਾਰ ਮੁਕੰਮਲ ਬੰਦ ਰਿਹਾ। ਸ਼ਹਿਰ ਦੇ ਨਾਲ ਲੱਗਦੇ ਕਸਬਿਆਂ ਮਾਣਕਪੁਰ, ਖੇੜਾ ਗੱਜੂ, ਸਨੇਟਾ, ਜਾਂਸਲਾ, ਕਾਲੋਮਾਜਰਾ ਅਤੇ ਦੈੜੀ ਵਿੱਚ ਵੀ ਦੁਕਾਨਾਂ ਮੁਕੰਮਲ ਬੰਦ ਰਹੀਆਂ।

ਬਾਜ਼ਾਰਾਂ ਵਿੱਚ ਬੇਰੌਣਕੀ ਕਾਰਨ ਅੱਜ ਕੌਮੀ ਮਾਰਗਾਂ ਉੱਤੇ ਵੀ ਆਵਾਜਾਈ ਘੱਟ ਰਹੀ। ਬੱਸਾਂ ਦੀ ਗਿਣਤੀ ਵੀ ਕਾਫ਼ੀ ਘੱਟ ਸੀ ਅਤੇ ਪ੍ਰਾਈਵੇਟ ਤੇ ਮਿਨੀ ਬੱਸਾਂ ਜ਼ਿਆਦਾਤਰ ਬੰਦ ਹੀ ਰਹੀਆਂ। ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਕੋਈ ਇਕੱਤਰਤਾ ਤੇ ਰੋਸ ਪ੍ਰਦਰਸ਼ਨ ਨਹੀਂ ਕੀਤਾ ਗਿਆ। ਦੁਕਾਨਦਾਰ ਅਤੇ ਸ਼ਹਿਰੀ ਆਪਣੇ ਘਰਾਂ ਦੇ ਅੰਦਰ ਹੀ ਰਹੇ। ਕੌਮੀ ਮਾਰਗਾਂ ਉੱਤੇ ਪੁਲੀਸ ਵੱਲੋਂ ਥਾਂ-ਥਾਂ ਨਾਕੇਬੰਦੀ ਕੀਤੀ ਹੋਈ ਸੀ।

ਬਨੂੜ ਵਪਾਰ ਮੰਡਲ ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਉੱਪ ਪ੍ਰਧਾਨ ਜਗਦੀਸ਼ ਕੁਮਾਰ ਕਾਲਾ ਨੇ ਦੱਸਿਆ ਕਿ ਐਤਵਾਰ ਨੂੰ ਵੀ ਸਾਰੇ ਬਾਜ਼ਾਰ ਬੰਦ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੁਹਾਲੀ ਦੇ ਫੈਸਲੇ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਜਿਸਤ/ਟਾਂਕ ਪ੍ਰਣਾਲੀ ਤਹਿਤ ਪੰਜ ਵਜੇ ਤੱਕ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿਛਲੇ ਵਰ੍ਹੇ ਲੱਗੇ ਲੌਕਡਾਊਨ ਸਮੇਂ ਕੀਤੀ ਗਈ ਨੰਬਰਿੰਗ ਦੇ ਅਨੁਸਾਰ ਹੀ ਦੁਕਾਨਾਂ ਖੋਲ੍ਹੀਆਂ ਜਾਣਗੀਆਂ ਉਨ੍ਹਾਂ ਦੱਸਿਆ ਕਿ 10 ਮਈ ਨੂੰ ਇਵਨ (ਜਿਸਤ) ਨੰਬਰਾਂ ਵਾਲੀਆਂ ਅਤੇ 11 ਮਈ ਨੂੰ ਟਾਂਕ(ਓਡ) ਨੰਬਰਾਂ ਵਾਲੀਆਂ ਦੁਕਾਨਾਂ ਖੁੱਲਣਗੀਆਂ ਤੇ ਇਸੇ ਤਰਤੀਬ ਅਨੁਸਾਰ ਦੁਕਾਨਾਂ ਖੁੱਲਦੀਆਂ ਰਹਿਣਗੀਆਂ।

ਲੌਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੀ ਮੰਗ ਲਈ ਪ੍ਰਦਰਸ਼ਨ

ਨੂਰਪੁਰ ਬੇਦੀ (ਬਲਵਿੰਦਰ ਰੈਤ): ਕਿਰਤੀ ਕਿਸਾਨ ਮੋਰਚਾ ਰੂਪਨਗਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲੌਕਡਾਊਨ ਤੋੜ ਕੇ ਦੁਕਾਨਾਂ ਖੋਲ੍ਹਣ ਲਈ ਸ਼ਹਿਰ ’ਚ ਪ੍ਰਦਰਸ਼ਨ ਕੀਤਾ। ਮੋਰਚੇ ਦੇ ਆਗੂ ਵੀਰ ਸਿੰਘ ਬੜਵਾ ਅਤੇ ਰੁਪਿੰਦਰ ਸਿੰਘ ਸੰਦੋਆ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਮੋਦੀ ਸਰਕਾਰ ਨਾਲ ਮਿਲ ਕੇ ਲੌਕਡਾਊਨ ਲਾਏ ਜਾ ਰਹੇ ਹਨ। ਇਸ ਕਾਰਨ ਸਾਰੇ ਛੋਟੇ ਦੁਕਾਨਦਾਰ ਆਰਥਿਕ ਤੌਰ ’ਤੇ ਕਮਜ਼ੋਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਲੌਕਡਾਊਨ ਵਿੱਚ ਦੁਕਾਨਦਾਰਾਂ ਨੂੰ ਬਹੁਤ ਘਾਟਾ ਪਿਆ ਹੈ। ਛੋਟੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਕੋਈ ਆਰਥਿਕ ਮਦਦ ਨਹੀਂ ਦਿੱਤੀ ਜਾ ਰਹੀ ਹੈ। ਬਾਬਾ ਸੁੱਚਾ ਸਿੰਘ ਮੰਡੇਰ ਕਲਵਾਂ ਨੇ ਕਿਹਾ ਕਿ ਕਿਰਤੀ ਕਿਸਾਨ ਮੋਰਚਾ ਦੁਕਾਨਦਾਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਨਿੱਡਰ ਹੋ ਕਿ ਆਪਣੀਆਂ ਦੁਕਾਨਾਂ ਖੋਲ੍ਹਣ। ਜਦੋਂ ਕਿਸਾਨ ਆਗੂ ਪ੍ਰਦਰਸ਼ਨ ਕਰਦਿਆਂ ਨੂਰਪੁਰ ਬੇਦੀ ਸ਼ਰਾਬ ਦੇ ਠੇਕੇ ਨੇੜੇ ਪਹੁੰਚੇ ਤਾਂ ਸ਼ਰਾਬ ਦਾ ਠੇਕਾ ਖੁੱਲ੍ਹਾ ਦੇਖ ਕੇ ਉਨ੍ਹਾਂ ਦਾ ਰੋਹ ਭੜਕ ਗਿਆ। ਬੀਬੀਆਂ ਨੇ ਕੈਪਟਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਸਥਾਨਕ ਥਾਣੇ ਦੇ ਐਸਐਚਓ ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All