ਨਵੀਂ ਵਾਰਡਬੰਦੀ: ਕੁਰਾਲੀ ਨੂੰ 17 ਵਾਰਡਾਂ ਵਿੱਚ ਵੰਡਿਆ
ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਸ਼ਹਿਰ ਦੀ ਨਵੀਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਕਰਦਿਆਂ ਵਾਰਡਾਂ ਦੇ ਖੇਤਰਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ। ਸ਼ਹਿਰ ਨੂੰ 17 ਵਾਰਡਾਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਛੇ ਵਾਰਡ ਜਨਰਲ ਰੱਖੇ ਗਏ ਹਨ ਜਦਕਿ ਬਾਕੀ ਰਾਖਵੇਂ...
ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਸ਼ਹਿਰ ਦੀ ਨਵੀਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਕਰਦਿਆਂ ਵਾਰਡਾਂ ਦੇ ਖੇਤਰਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ। ਸ਼ਹਿਰ ਨੂੰ 17 ਵਾਰਡਾਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਛੇ ਵਾਰਡ ਜਨਰਲ ਰੱਖੇ ਗਏ ਹਨ ਜਦਕਿ ਬਾਕੀ ਰਾਖਵੇਂ ਹੋਣਗੇ। ਵਾਰਡਬੰਦੀ ਹੋਣ ਦੇ ਨਾਲ ਹੀ ਸ਼ਹਿਰ ਵਿੱਚ ਕੌਂਸਲ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਥਾਨਕ ਸਰਕਾਰ ਵਿਭਾਗ ਦੇ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਸ਼ਹਿਰ ਦੇ ਕੁੱਲ 17 ਵਾਰਡਾਂ ਵਿਚੋਂ ਵਾਰਡ ਨੰਬਰ 2, 4, 8, 10, 12 ਅਤੇ 17 ਜਨਰਲ ਹੋਣਗੇ ਜਦਕਿ ਵਾਰਡ ਨੰਬਰ ਟਾਂਕ ਸੰਖਿਆ ਵਾਲੇ ਵਾਰਡ ਨੰਬਰ 1, 3, 5, 7, 9 ਅਤੇ 13 ਔਰਤਾਂ ਲਈ ਰਾਖਵੇਂ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਵਾਰਡ ਨੰਬਰ 6 ਪੱਛੜੀਆਂ ਸ਼੍ਰੇਣੀਆਂ, ਵਾਰਡ ਨੰਬਰ 12 ਤੇ 16 ਅਨੁਸੂਚਿਤ ਜਾਤੀਆਂ ਲਈ ਅਤੇ ਵਾਰਡ ਨੰਬਰ 11 ਤੇ 15 ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੇਂ ਹੋਣਗੇ।
ਸ਼ਹਿਰ ਦੀ ਇਸ ਨਵੀਂ ਵਾਰਡਬੰਦੀ ਲਈ ਕੀਤੇ ਸਰਵੇ ਅਨੁਸਾਰ ਸਾਹਮਣੇ ਆਈ ਵੋਟਰਾਂ ਦੀ 36 ਹਜ਼ਾਰ ਗਿਣਤੀ ਨੂੰ ਆਧਾਰ ਬਣਾਇਆ ਗਿਆ ਹੈ।
ਇਸ ਵਾਰ ਸ਼ਹਿਰ ਵਿੱਚ ਪੈਂਦੇ ਦੋ ਪਿੰਡਾਂ ਚਨਾਲੋਂ ਤੇ ਪਡਿਆਲਾ ਨੂੰ ਵੱਖਰੇ ਵਾਰਡ ਬਣਾਇਆ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਦੋਵੇਂ ਵਾਰਡ ਸ਼ਹਿਰੀ ਖੇਤਰ ਨਾਲ ਜੁੜੇ ਹੋਏ ਸਨ ਅਤੇ ਦੋਵੇਂ ਪਿੰਡਾਂ ਦੀਆਂ ਕੁਝ ਵੋਟਾਂ ਦੂਜੇ ਸ਼ਹਿਰੀ ਵਾਰਡਾਂ ਵਿੱਚ ਸ਼ਾਮਲ ਕੀਤੀਆਂ ਹੋਈਆਂ ਸਨ। ਨਵੀਂ ਵਾਰਡਬੰਦੀ ਅਨੁਸਾਰ ਕੌਂਸਲ ਦੀ ਹੱਦ ਵਿੱਚ ਪੈਂਦਾ ਪਿੰਡ ਚਨਾਲੋਂ ਵਾਰਡ ਨੰਬਰ 7 ਹੋਵੇਗਾ ਜਦਕਿ ਪਡਿਆਲਾ ਨੂੰ ਵਾਰਡ ਨੰਬਰ 9 ਵਿੱਚ ਰੱਖਿਆ ਗਿਆ ਹੈ। ਵਾਰਡਬੰਦੀ ਸਬੰਧੀ ਨੋਟੀਫਿਕੇਸ਼ਨ ਹੁੰਦਿਆਂ ਹੀ ਸ਼ਹਿਰ ਵਿੱਚ ਕੌਂਸਲ ਚੋਣਾਂ ਲਈ ਸਰਗਰਮੀ ਸ਼ੁਰੂ ਹੋ ਗਈ ਹੈ। ਸ਼ਹਿਰ ਦੇ ਸਾਂਝੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਸ ਸਬੰਧੀ ਚੁੰਝ ਚਰਚਾ ਜ਼ੋਰਾਂ ’ਤੇ ਹੈ ਜਦਕਿ ਚੋਣ ਲੜਨ ਦੇ ਚਾਹਵਾਨਾਂ ਨੇ ਆਪਣੇ ਪਸੰਦੀਦਾ ਵਾਰਡਾਂ ਵਿੱਚ ਲੋਕਾਂ ਨਾਲ ਸੰਪਰਕ ਸਾਧ ਕੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ।
ਰਣਜੀਤ ਸਿੰਘ ਨੀਤ ‘ਆਪ’ ਵਿੱਚ ਸ਼ਾਮਲ
ਕੌਂਸਲ ਚੋਣਾਂ ਦੇ ਮੱਦੇਨਜ਼ਰ ਹੀ ਅੱਜ ਚਨਾਲੋਂ ਵਾਸੀ ਨੌਜਵਾਨ ਰਣਜੀਤ ਸਿੰਘ ਨੀਤ ‘ਆਪ’ ਵਿੱਚ ਸ਼ਾਮਲ ਹੋ ਗਿਆ। ਰਣਜੀਤ ਸਿੰਘ ਨੀਤ ਨੂੰ ਹਲਕਾ ਵਿਧਾਇਕ ਵਲੋਂ ਉਨ੍ਹਾਂ ਦੀ ਮਾਤਾ ਸੀਲਮ ਸੋਹੀ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਸਰੋਪਾ ਪਾ ਕੇ ਸਵਾਗਤ ਕੀਤਾ। ਇਸ ਮੌਕੇ ਸੀਲਮ ਸੋਹੀ, ਬਹਾਦਰ ਸਿੰਘ ਓਕੇ, ਡਾ. ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਣਜੀਤ ਸਿੰਘ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਚਨਾਲੋਂ ਵਿੱਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਸੂਤਰਾਂ ਅਨੁਸਾਰ ਰਣਜੀਤ ਸਿੰਘ ਦੀ ਪਤਨੀ ਨੂੰ ‘ਆਪ’ ਵਲੋਂ ਵਾਰਡ ਨੰਬਰ 7, ਚਨਾਲੋਂ ਤੋਂ ਕੌਂਸਲ ਚੋਣਾਂ ਲਈ ਮੈਦਾਨ ਵਿੱਚ ਉਤਾਰਿਆ ਜਾਵੇਗਾ।

