DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NEET Re-exam: ਸਖ਼ਤ ਪ੍ਰਬੰਧਾਂ ਹੇਠ ਹੋਈ ਚੰਡੀਗੜ੍ਹ ਵਿਚ ਨੀਟ ਦੀ ਮੁੜ ਪ੍ਰੀਖਿਆ

ਨੈਸ਼ਨਲ ਅਲਿਜੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ) ਦੀ ਮੁੜ ਪ੍ਰੀਖਿਆ ਅੱਜ ਚੰਡੀਗੜ੍ਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ। ਇਹ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਦੁਪਹਿਰ ਦੋ ਤੋਂ ਸ਼ਾਮ ਸਵਾ ਪੰਜ ਵਜੇ ਤਕ ਕਰਵਾਈ ਗਈ। ਇਸ ਲਈ ਵਿਦਿਆਰਥੀਆਂ ਨੂੰ ਸਵੇਰੇ 11 ਤੋਂ ਦੁਪਹਿਰ...

  • fb
  • twitter
  • whatsapp
  • whatsapp
featured-img featured-img
ਸੈਕਟਰ 19 ਦੇ ਸਕੂਲ ਅੱਗੇ ਵਿਦਿਆਰਥਣ ਦੇ ਵਾਲਾਂ ਦੀ ਜਾਂਚ ਕਰਦੀ ਹੋਈ ਪੁਲੀਸ। -ਫੋਟੋ: ਤਿਵਾੜੀ
Advertisement

ਨੈਸ਼ਨਲ ਅਲਿਜੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ) ਦੀ ਮੁੜ ਪ੍ਰੀਖਿਆ ਅੱਜ ਚੰਡੀਗੜ੍ਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ। ਇਹ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਦੁਪਹਿਰ ਦੋ ਤੋਂ ਸ਼ਾਮ ਸਵਾ ਪੰਜ ਵਜੇ ਤਕ ਕਰਵਾਈ ਗਈ। ਇਸ ਲਈ ਵਿਦਿਆਰਥੀਆਂ ਨੂੰ ਸਵੇਰੇ 11 ਤੋਂ ਦੁਪਹਿਰ ਡੇਢ ਵਜੇ ਤਕ ਕੇਂਦਰ ਵਿੱਚ ਦਾਖ਼ਲ ਹੋਣ ਦਿੱਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਦੀ ਏਜੰਸੀ ਦੇ ਮੁਲਾਜ਼ਮਾਂ ਨੇ ਬਾਰੀਕੀ ਨਾਲ ਜਾਂਚ ਕੀਤੀ ਤੇ ਵਿਦਿਆਰਥਣਾਂ ਦੀਆਂ ਵਾਲੀਆਂ ਤੇ ਨੋਜ਼ ਪਿੰਨਾਂ ’ਤੇ ਇਤਰਾਜ਼ ਜ਼ਾਹਰ ਕੀਤਾ ਗਿਆ। ਵਿਦਿਆਰਥਣਾਂ ਦੇ ਵਾਲ ਖੁੱਲ੍ਹਵਾ ਕੇ ਵੀ ਜਾਂਚ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਪ੍ਰੀਖਿਆ ਸਬੰਧੀ ਸਪਸ਼ਟ ਹਦਾਇਤਾਂ ਸਨ ਤਾਂ ਵਿਦਿਆਰਥੀਆਂ ਨੇ ਅਜਿਹੀਆਂ ਚੀਜ਼ਾਂ ਤੋਂ ਗੁਰੇਜ਼ ਕਿਉਂ ਨਾ ਕੀਤਾ।

ਜਾਣਕਾਰੀ ਅਨੁਸਾਰ ਇਸ ਪ੍ਰੀਖਿਆ ਲਈ ਦੁਪਹਿਰ ਡੇਢ ਵਜੇ ਸਾਰੇ ਕੇਂਦਰਾਂ ਦੇ ਗੇਟ ਬੰਦ ਕਰ ਦਿੱਤੇ ਗਏ। ਚੰਡੀਗੜ੍ਹ ਵਿੱਚ ਇਸ ਪ੍ਰੀਖਿਆ ਦੇ ਸੱਤ ਸੈਂਟਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 18, 19, 26, 46 ਅਤੇ ਕੇਂਦਰੀ ਵਿਦਿਆਲਿਆ 29, 31, 47 ਵਿੱਚ ਸੈਂਟਰ ਬਣਾਏ ਗਏ ਸਨ ਜਿੱਥੇ 2789 ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ। ਇਨ੍ਹਾਂ ਵਿੱਚ ਸਵੇਰ ਤੋਂ ਹੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਸੀ। ਇਸ ਪ੍ਰੀਖਿਆ ਵਿੱਚ ਗੇਟ ਦੇ ਬਾਹਰ ਸਥਾਨਕ ਪੁਲੀਸ ਤੇ ਅੰਦਰ ਏਜੰਸੀ ਦੇ ਨੁਮਾਇੰਦਿਆਂ ਨੇ ਜਾਂਚ ਕੀਤੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਨਕਲ ਨੂੰ ਰੋਕਿਆ ਜਾ ਸਕੇ।

Advertisement

Advertisement

ਵਿਦਿਆਰਥੀ ਦੇ ਬਟਨ ’ਤੇ ਇਤਰਾਜ਼

ਇਹ ਪਤਾ ਲੱਗਿਆ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 18 ਵਿੱਚ ਇੱਕ ਵਿਦਿਆਰਥੀ ਦੇ ਕਮੀਜ਼ ਦੇ ਬਟਨ ’ਤੇ ਇਤਰਾਜ਼ ਕੀਤਾ ਗਿਆ। ਇਸ ਵਿਦਿਆਰਥੀ ਦੇ ਕਮੀਜ਼ ਦਾ ਇੱਕ ਬਟਨ ਮੈਟਲ ਦਾ ਸੀ। ਇਸ ਵਿਦਿਆਰਥੀ ਦੇ ਬਟਨ ਨੂੰ ਕੈਂਚੀ ਨਾਲ ਕੱਟਿਆ ਗਿਆ ਤੇ ਇਸ ਤੋਂ ਬਾਅਦ ਹੀ ਉਸ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਹੋਣ ਦਿੱਤਾ ਗਿਆ।

ਫਿਜ਼ਿਕਸ ਦਾ ਪੇਪਰ ਔਖਾ; ਬਾਇਓਲੋਜੀ ਦਾ ਸੌਖਾ

ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਫਿਜ਼ਿਕਸ ਦਾ ਪ੍ਰਸ਼ਨ ਪੱਤਰ ਬਹੁਤ ਔਖਾ ਸੀ ਜਦੋਂਕਿ ਬਾਇਓਲੋਜੀ ਦਾ ਆਸਾਨ ਆਇਆ। ਕੈਮਿਸਟਰੀ ਬਾਰੇ ਵੀ ਵਿਦਿਆਰਥੀਆਂ ਦੀ ਰਲਵੀਂ-ਮਿਲਵੀਂ ਪ੍ਰਤੀਕਿਰਿਆ ਰਹੀ ਅਤੇ ਕਈਆਂ ਨੇ ਇਸ ਨੂੰ ਸਮਾਂ ਲੈਣ ਵਾਲਾ ਕਰਾਰ ਦਿੱਤਾ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਸ ਵਾਰ ਦੀ ਪ੍ਰੀਖਿਆ ਪਹਿਲੀ ਪ੍ਰੀਖਿਆ ਦੇ ਮੁਕਾਬਲੇ ਜ਼ਿਆਦਾ ਮੁਸ਼ਕਲ ਸੀ। ਖ਼ਾਸ ਤੌਰ ’ਤੇ ਫਿਜ਼ਿਕਸ ਦੇ ਸਵਾਲਾਂ ਨੇ ਵਿਦਿਆਰਥੀਆਂ ਨੂੰ ਘੁੰਮਣਘੇਰੀ ਵਿੱਚ ਪਾਈ ਰੱਖਿਆ। ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਪ੍ਰੀਖਿਆ ਕੇਂਦਰਾਂ ’ਤੇ ਸਾਰੇ ਪ੍ਰਬੰਧ ਵਧੀਆ ਰਹੇ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਕਈ ਪੜਾਅ ਦੀ ਤਲਾਸ਼ੀ ਦੇ ਬਾਵਜੂਦ ਪ੍ਰੀਖਿਆ ਸ਼ਾਂਤੀਪੂਰਨ ਮਾਹੌਲ ਵਿੱਚ ਹੋਈ। ਪ੍ਰੀਖਿਆ ਤੋਂ ਬਾਅਦ ਜ਼ਿਆਦਾਤਰ ਉਮੀਦਵਾਰਾਂ ਨੇ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਸੰਤੁਸ਼ਟੀ ਜ਼ਾਹਰ ਕੀਤੀ।

Advertisement
×