Nature Park encroachment: ਨੇਚਰ ਪਾਰਕ ਦੇ ਹਿੱਸੇ ’ਤੇ ਕਬਜ਼ੇ ਦੀ ਕੋਸ਼ਿਸ਼ ਨਾਕਾਮ
ਨਵੇਂ ਮਾਲ ਦੇ ਠੇਕੇਦਾਰ ਵੱਲੋਂ ਲੇਬਰ ਦੀ ਰਿਹਾਇਸ਼ ਲਈ ਪਾਰਕ ਦੀ ਥਾਂ ਵਰਤਣ ਦਾ ਕੰਮ ਬੰਦ ਕਰਵਾਇਆ
ਇੱਥੇ ਫੇਜ਼ ਅੱਠ ਵਿੱਚ ਸਥਿਤ ਨੇਚਰ ਪਾਰਕ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਪਿਛਲੇ ਪਾਸੇ ਪੈਂਦੀ ਥਾਂ ’ਤੇ ਲੱਗੇ 200 ਬੂਟੇ ਪੁੱਟ ਕੇ ਅਤੇ ਉੱਥੇ ਥਾਂ ਨੂੰ ਪੱਧਰਾ ਕਰ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਸਥਾਨਕ ਵਸਨੀਕਾਂ ਦੇ ਵਿਰੋਧ ਕਾਰਨ ਨਾਕਾਮ ਹੋ ਗਈ। ਫੇਜ਼ ਅੱਠ ਵਿੱਚ ਨਵੇਂ ਬਣਨ ਵਾਲੇ ਵੱਡੇ ਮਾਲ ਦੇ ਠੇਕੇਦਾਰ ਵੱਲੋਂ ਆਪਣੀ ਲੇਬਰ ਦੇ ਰਹਿਣ ਵਾਸਤੇ ਇਸ ਥਾਂ ਨੂੰ ਪੱਧਰਾ ਕਰਕੇ ਇੱਥੇ ਕਮਰੇ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ।
ਪਾਰਕ ਵਿੱਚ ਰੋਜ਼ਾਨਾ ਸੈਰ ਕਰਨ ਵਾਲੇ ਲੋਕਾਂ ਵੱਲੋਂ ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਸਤਵੀਰ ਸਿੰਘ ਧਨੋਆ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਠੇਕੇਦਾਰ ਨੂੰ ਕੰਮ ਬੰਦ ਕਰਨ ਲਈ ਕਿਹਾ। ਇਸ ਦੌਰਾਨ ਉੱਥੇ ਮਿਉਂਸਿਪਲ ਕੌਂਸਲਰ ਨਰਪਿੰਦਰ ਸਿੰਘ ਰੰਗੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਪੰਜਾਬ ਭਾਜਪਾ ਦੇ ਸੂਬਾ ਸਹਿ-ਖਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ ਵੀ ਪਹੁੰਚ ਗਏ ਅਤੇ ਠੇਕੇਦਾਰ ਦੀ ਕਾਰਵਾਈ ਦਾ ਵਿਰੋਧ ਕੀਤਾ।
ਸ੍ਰੀ ਧਨੋਆ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਆਪਣੀ ਲੇਬਰ ਦੇ ਠਹਿਰਾਅ ਲਈ ਇੱਥੇ ਜੇ ਸੀ ਬੀ ਅਤੇ ਹੋਰ ਵੱਡੀਆਂ ਮਸ਼ੀਨਾਂ ਲਗਾ ਕੇ ਇਸ ਥਾਂ ਨੂੰ ਪੱਧਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਇੱਥੇ ਕਮਰਿਆਂ ਦੀ ਉਸਾਰੀ ਵਾਸਤੇ ਵੱਡੇ ਗਾਡਰ ਅਤੇ ਹੋਰ ਸਾਮਾਨ ਲਿਆਂਦਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਨੇਚਰ ਪਾਰਕ ਦੀ ਥਾਂ ਤੇ ਕਬਜ਼ਾ ਕਰਨ ਦਾ ਠੇਕੇਦਾਰ ਕੋਈ ਜਵਾਬ ਨਹੀਂ ਦੇ ਸਕਿਆ ਅਤੇ ਉਸ ਵੱਲੋਂ ਆਪਣਾ ਕੰਮ ਬੰਦ ਕਰ ਕੇ ਇੱਥੋਂ ਸਾਮਾਨ ਚੁੱਕਣਾ ਆਰੰਭ ਕਰ ਦਿੱਤਾ।
ਕੌਂਸਲਰ ਨਰਪਿੰਦਰ ਸਿੰਘ ਰੰਗੀ ਅਤੇ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਇੱਥੋਂ ਪੁੱਟੇ ਗਏ ਪੌਦਿਆਂ ਸਬੰਧੀ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਸਬੰਧਤ ਠੇਕੇਦਾਰ ਕੋਲੋਂ ਨਵੇਂ ਪੌਦੇ ਲਗਵਾਏ ਜਾਣ। ਇਸ ਮੌਕੇ ਨੰਬਰਦਾਰ ਸਰਬਜੀਤ ਸਿੰਘ ਮਨੌਲੀ, ਰਵਿੰਦਰ ਸਿੰਘ ਰੂਬੀ, ਹਰਕੀਰਤ ਸਿੰਘ ਸੰਧੂ, ਮਾਟਾ ਸਰਾਂ, ਰੁਪਿੰਦਰ ਸਿੰਘ ਖੰਗੂੜਾ, ਜਗਜੀਤ ਸਿੰਘ, ਦਪਿੰਦਰ ਸਿੰਘ ਸਿਬੀਆ ਸਮੇਤ ਵੱਡੀ ਗਿਣਤੀ ਵਸਨੀਕ ਹਾਜ਼ਰ ਸਨ।

