National Skill Training Institute Women: ਹੁਨਰ ਸਿਖਲਾਈ ਸੰਸਥਾ ਦੀ ਉਸਾਰੀ ਦੀ ਉਮੀਦ ਜਾਗੀ
ਲਾਂਡਰਾਂ-ਬਨੂੜ ਕੌਮੀ ਮਾਰਗ ’ਤੇ ਪੈਂਦੇ ਪਿੰਡ ਸਨੇਟਾ ਵਿੱਚ ਕੌਮੀ ਹੁਨਰ ਸਿਖਲਾਈ ਸੰਸਥਾ (ਮਹਿਲਾ) ਦੀ ਅੱਠ ਵਰ੍ਹਿਆਂ ਬਾਅਦ ਉਸਾਰੀ ਦੀ ਉਮੀਦ ਮੁੜ ਜਾਗੀ ਹੈ। ਇਸ ਸੰਸਥਾ ਦਾ 2018 ਵਿੱਚ ਤਤਕਾਲੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਤਤਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ...
ਲਾਂਡਰਾਂ-ਬਨੂੜ ਕੌਮੀ ਮਾਰਗ ’ਤੇ ਪੈਂਦੇ ਪਿੰਡ ਸਨੇਟਾ ਵਿੱਚ ਕੌਮੀ ਹੁਨਰ ਸਿਖਲਾਈ ਸੰਸਥਾ (ਮਹਿਲਾ) ਦੀ ਅੱਠ ਵਰ੍ਹਿਆਂ ਬਾਅਦ ਉਸਾਰੀ ਦੀ ਉਮੀਦ ਮੁੜ ਜਾਗੀ ਹੈ। ਇਸ ਸੰਸਥਾ ਦਾ 2018 ਵਿੱਚ ਤਤਕਾਲੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਤਤਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਤਤਕਾਲੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਨੀਂਹ ਪੱਥਰ ਰੱਖਿਆ ਸੀ। ਸੰਸਥਾ ਦੀ ਉਸਾਰੀ ਉੱਤੇ 50 ਕਰੋੜ ਦੀ ਲਾਗਤ ਆਉਣੀ ਹੈ। ਇਸ ਲਈ 33 ਕਰੋੜ ਦੀ ਰਕਮ ਕੇਂਦਰ ਸਰਕਾਰ ਵੱਲੋਂ ਭੇਜੀ ਜਾ ਚੁੱਕੀ ਹੈ। ਇਸ ਸੰਸਥਾ ਦੀ ਇਮਾਰਤ ਲਈ ਪਿੰਡ ਸਨੇਟਾ ਦੀ ਪੰਚਾਇਤ ਵੱਲੋਂ ਪੰਜ ਏਕੜ ਜ਼ਮੀਨ ਮੁਫ਼ਤ ਮੁਹੱਈਆ ਕਰਵਾਈ ਗਈ ਸੀ।
ਬਾਕੀ ਬਚਦੀ ਤਿੰਨ ਏਕੜ ਜ਼ਮੀਨ ਦੀ ਗਮਾਡਾ ਵੱਲੋਂ ਸਬੰਧਤ ਸੰਸਥਾ ਲਈ ਜ਼ਮੀਨ ਦੀ ਸੀ ਐੱਲ ਯੂ ਨੂੰ ਹਾਲੇ ਤੱਕ ਪ੍ਰਵਾਨਗੀ ਨਾ ਮਿਲਣ ਕਾਰਨ ਇਸ ਦੀ ਉਸਾਰੀ ਲਟਕੀ ਹੋਈ ਹੈ। ਸਨੇਟਾ ਵਿਖੇ ਇਮਾਰਤ ਦੀ ਉਸਾਰੀ ਨਾ ਹੋਣ ਕਾਰਨ ਪਿਛਲੇ ਕਈ ਵਰ੍ਹਿਆਂ ਤੋਂ ਸਬੰਧਿਤ ਸੰਸਥਾ ਨੂੰ ਮੁਹਾਲੀ ਦੇ ਉਦਯੋਗਿਕ ਖੇਤਰ ਦੇ ਫੇਜ਼ ਅੱਠ ਵਿੱਚ ਅੱਠ ਲੱਖ ਰੁਪਏ ਮਹੀਨਾ ਕਿਰਾਏ ਉੱਤੇ ਲਈ ਇਮਾਰਤ ਵਿੱਚ ਚਲਾਇਆ ਜਾ ਰਿਹਾ ਹੈ।
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਮੁਨੀਸ਼ ਕੁਮਾਰ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਦੀ ਉੱਚ ਪੱਧਰੀ ਟੀਮ ਨੇ ਸਨੇਟਾ ਵਿੱਚ ਸਬੰਧਤ ਜ਼ਮੀਨ ਦਾ ਨਿਰੀਖਣ ਕੀਤਾ। ਇਸ ਮੌਕੇ ਸੰਸਥਾ ਦੇ ਅਧਿਕਾਰੀਆਂ ਤੋਂ ਇਲਾਵਾ ਗਮਾਡਾ, ਪੰਜਾਬ ਮੰਡੀਬੋਰਡ, ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਸਰਪੰਚ ਗੁਰਦਾਸ ਸਿੰਘ ਅਤੇ ਪੰਚਾਇਤ ਮੈਂਬਰ ਵੀ ਮੌਜੂਦ ਸਨ।
ਡਾਇਰੈਕਟਰ ਨੇ ਗਮਾਡਾ ਦੇ ਕਰਮਚਾਰੀਆਂ ਨੂੰ ਸਬੰਧਿਤ ਥਾਂ ਦੀ ਸੀ ਐੱਲ ਯੂ ਦੀ ਤੁਰੰਤ ਪ੍ਰਵਾਨਗੀ ਦੇਣ ਲਈ ਕਿਹਾ। ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਬਹੁਤ ਜਲਦੀ ਇਸ ਸੰਸਥਾ ਦੀ ਉਸਾਰੀ ਆਰੰਭ ਕਰਾਈ ਜਾਵੇਗੀ।

