ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਮਈ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ (ਐੱਨਐੱਸਐੱਸ) ਵਿੱਚ ਚੰਡੀਗੜ੍ਹ ਨੇ ਸਾਰੀਆਂ ਯੂਟੀਜ਼ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਚੰਡੀਗੜ੍ਹ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤੇ ਹਾਸਲ ਕੀਤੇ ਅੰਕ ਵੀ ਕੌਮੀ ਦਰ ਨਾਲੋਂ ਜ਼ਿਆਦਾ ਹਨ ਪਰ ਚੰਡੀਗੜ੍ਹ ਦੇ ਤੀਜੀ ਤੇ ਪੰਜਵੀਂ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਰਹੀ। ਦੱਸਣਾ ਬਣਦਾ ਹੈ ਕਿ ਕੇਂਦਰ ਨੇ ਦੇਸ਼ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਬੌਧਿਕ ਪੱਧਰ ਜਾਣਨ ਲਈ 12 ਨਵੰਬਰ ਨੂੰ ਪ੍ਰੀਖਿਆ ਲਈ ਸੀ ਜਿਸ ਵਿਚ ਚੰਡੀਗੜ੍ਹ ਦੇ 106 ਸਕੂਲਾਂ ਦੇ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਗਈ ਸੀ। ਇਹ ਪ੍ਰੀਖਿਆ ਬੋਰਡ ਪ੍ਰੀਖਿਆ ਦੇ ਪੈਟਰਨ ’ਤੇ ਓਐੱਮਆਰ ਸ਼ੀਟ ’ਤੇ ਲਈ ਗਈ ਸੀ। ਕੇਂਦਰੀ ਰਿਪੋਰਟ ਅਨੁਸਾਰ ਤੀਜੀ ਜਮਾਤ ਦੇ 53.4 ਫੀਸਦੀ ਵਿਦਿਆਰਥੀ ਮੁੱਢਲੇ ਪੱਧਰ ਤੋਂ ਹੇਠਾਂ ਆਏ ਹਨ ਜਦਕਿ 46.6 ਫੀਸਦੀ ਐਡਵਾਂਸਡ ਪੱਧਰ ਦੇ ਹਨ। ਇਸ ਰਿਪੋਰਟ ਨੂੰ ਸਾਲ 2017 ਦੀ ਰਿਪੋਰਟ ਨਾਲ ਮੇਲਿਆ ਜਾਵੇ ਤਾਂ ਹਰ ਵਿਸ਼ੇ ਵਿਚ ਇਸ ਵਾਰ ਵਿਦਿਆਰਥੀਆਂ ਦੇ ਅੰਕ ਘੱਟ ਆਏ ਹਨ।
ਕੌਮੀ ਸਰਵੇਖਣ ਵਿਚ ਇਸ ਵਾਰ ਓਵਰਆਲ ਰੈਂਕਿੰਗ ਜਾਰੀ ਨਹੀਂ ਕੀਤੀ ਗਈ। ਕੇਂਦਰ ਨੇ ਹਰ ਜਮਾਤ ਤੇ ਹਰ ਵਿਸ਼ੇ ਦੇ ਨਿੱਜੀ ਅੰਕ ਹੀ ਜਾਰੀ ਕੀਤੇ ਹਨ। ਚੰਡੀਗੜ੍ਹ ਨੇ ਤੀਜੀ ਤੇ ਪੰਜਵੀਂ ਜਮਾਤ ਦੇ ਈਵੀਐਸ ਨੂੰ ਛੱਡ ਕੇ ਬਾਕੀ ਸਾਰੇ ਵਿਸ਼ਿਆਂ ਵਿਚ ਯੂਟੀਜ਼ ਤੋਂ ਸਰਵੋਤਮ ਪ੍ਰਦਰਸ਼ਨ ਜਾਰੀ ਕੀਤਾ ਹੈ। ਭਾਸ਼ਾ ਵਿਚ ਚੰਡੀਗੜ੍ਹ ਦੇ ਔਸਤ ਅੰਕ 65 ਜਦਕਿ ਨੈਸ਼ਨਲ ਔਸਤ 57 ਹੈ। ਗਣਿਤ ਵਿਚ ਚੰਡੀਗੜ੍ਹ ਦੀ ਔਸਤ 49 ਤੇ ਕੌਮੀ ਔਸਤ 42 ਹੈ, ਈਵੀਐਸ ਵਿਚ ਚੰਡੀਗੜ੍ਹ ਦੀ ਔਸਤ 57 ਜਦਕਿ ਕੌਮੀ 53, ਮਾਡਰਨ ਇੰਡੀਅਨ ਲੈਂਗੁਏਜ ਵਿਚ ਚੰਡੀਗੜ੍ਹ ਦੀ ਔਸਤ 51 ਜਦਕਿ ਕੌਮੀ 41 ਹੈ, ਸ਼ੋਸ਼ਲ ਸਾਇੰਸ ਵਿਚ ਚੰਡੀਗੜ੍ਹ ਦੇ ਅੰਕ 50 ਤੇ ਕੌਮੀ ਅੰਕ 38 ਹਨ, ਅੰਗਰੇਜ਼ੀ ਵਿਚ ਚੰਡੀਗੜ੍ਹ ਦਾ ਸਕੋਰ 65 ਜਦਕਿ ਕੌਮੀ 43 ਹੈ, ਵਿਗਿਆਨ ਵਿਚ ਚੰਡੀਗੜ੍ਹ ਦੇ 49 ਜਦਕਿ ਕੌਮੀ ਔਸਤ 37 ਹੈ।
ਸਿੱਖਿਆ ਸਕੱਤਰ ਤੇ ਡਾਇਰੈਕਟਰ ਵੱਲੋਂ ਸਕੂਲਾ ਦਾ ਜਾਇਜ਼ਾ
ਸਿੱਖਿਆ ਸਕੱਤਰ ਪੂਰਵਾ ਗਰਗ, ਡਾਇਰੈਕਟਰ ਹਰਸੁਹਿੰਦਰ ਸਿੰਘ ਬਰਾੜ ਤੇ ਮੁੱਖ ਇੰਜਨੀਅਰ ਨੇ ਅੱਜ ਚੰਡੀਗੜ੍ਹ ਦੇ ਸਕੂਲਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਰਕਾਰੀ ਸਕੂਲ ਕਿਸ਼ਨਗੜ੍ਹ, ਨਿਰਮਾਣ ਅਧੀਨ ਸਰਕਾਰੀ ਹਾਈ ਸਕੂਲ ਮੌਲੀ ਜੱਗਰਾਂ, ਸਰਕਾਰੀ ਹਾਈ ਸਕੂਲ ਮੌਲੀ ਕਲੋਨੀ, ਸਰਕਾਰੀ ਪ੍ਰਾਇਮਰੀ ਸਕੂਲ ਮੌਲੀ ਕੰਪਲੈਕਸ, ਸਰਕਾਰੀ ਮਿਡਲ ਸਕੂਲ ਪਾਕੇਟ ਨੰਬਰ-6 ਮਨੀਮਾਜਰਾ ਦਾ ਜਾਇਜ਼ਾ ਲਿਆ। ਸਰਕਾਰੀ ਪ੍ਰਾਇਮਰੀ ਸਕੂਲ ਰੇਲਵੇ ਕਲੋਨੀ ਦੇ 196, ਸਰਕਾਰੀ ਪ੍ਰਾਇਮਰੀ ਸਕੂਲ ਮੌਲੀ ਕੰਪਲੈਕਸ ਦੇ 250, ਸਰਕਾਰੀ ਹਾਈ ਸਕੂਲ ਮੌਲੀ ਕਲੋਨੀ ਦੇ 1000 ਵਿਦਿਆਰਥੀਆਂ ਨੂੰ ਸਰਕਾਰੀ ਹਾਈ ਸਕੂਲ ਮੌਲੀ ਜੱਗਰਾਂ ਵਿਚ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਇੰਜਨੀਅਰਿੰਗ ਵਿਭਾਗ ਨੂੰ 25 ਜੂਨ ਤਕ ਮੌਲੀ ਜੱਗਰਾਂ ਦੀ ਇਮਾਰਤ ਦਾ ਕਬਜ਼ਾ ਦੇਣ ਲਈ ਕਿਹਾ।