Nagar Council: ਸਫ਼ਾਈ ਸੇਵਕ ਤੇ ਸੀਵਰਮੈਨ ਪੱਕੇ ਕਰਨ ਸਬੰਧੀ ਮਤਾ ਪਾਸ
ਸਥਾਨਕ ਨਗਰ ਕੌਂਸਲ ਦੀ ਮੀਟਿੰਗ ਪ੍ਰਧਾਨ ਬਹਾਦਰ ਸਿੰਘ ਓ ਕੇ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਸਬੰਧੀ ਕਈ ਮੁੱਦੇ ਵਿਚਾਰੇ ਗਏ ਜਦੋਂਕਿ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਪੱਕੇ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਇਸ ਨਾਲ...
ਸਥਾਨਕ ਨਗਰ ਕੌਂਸਲ ਦੀ ਮੀਟਿੰਗ ਪ੍ਰਧਾਨ ਬਹਾਦਰ ਸਿੰਘ ਓ ਕੇ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਸਬੰਧੀ ਕਈ ਮੁੱਦੇ ਵਿਚਾਰੇ ਗਏ ਜਦੋਂਕਿ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਪੱਕੇ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਇਸ ਨਾਲ ਸ਼ਹਿਰ ਦੀ ਸਫ਼ਾਈ ਵਿੱਚ ਲੱਗੇ 54 ਮੁਲਾਜ਼ਮਾਂ ਦੇ ਪੱਕੇ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।
ਕੌਂਸਲ ਦੀ ਇਸ ਮੀਟਿੰਗ ਦੌਰਾਨ ਸ਼ਹਿਰ ਦੀ ਸਫ਼ਾਈ, ਨਿਕਾਸੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਆਦਿ ਕਈ ਮਸਲੇ ਵਿਚਾਰੇ ਗਏ। ਇਸੇ ਦੌਰਾਨ ਕੌਂਸਲ ਵਿੱਚ ਕੰਮ ਠੇਕਾ ਆਧਾਰ ’ਤੇ ਕੰਮ ਕਰਦੇ 48 ਸਫ਼ਾਈ ਸੇਵਕਾਂ ਅਤੇ ਛੇ ਸੀਵਰਮੈਨਾਂ ਦਾ ਮਸਲਾ ਵਿਚਾਰਿਆ ਗਿਆ। ਕੌਂਸਲ ਪ੍ਰਧਾਨ ਬਹਾਦਰ ਸਿੰਘ ਓ ਕੇ ਨੇ ਹਾਊਸ ਨੂੰ ਦੱਸਿਆ ਕਿ ਸਰਕਾਰ ਵਲੋਂ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਪੱਕੇ ਕੀਤੇ ਜਾਣ ਦੀ ਤਜਵੀਜ਼ ਹੈ ਅਤੇ ਕੌਂਸਲ ਵਿੱਚ ਕੰਮ ਕਰਦੇ ਕਰਮਚਾਰੀ ਇਸ ਯੋਜਨਾ ਤਹਿਤ ਕਵਰ ਹੁੰਦੇ ਹਨ। ਇਸੇ ਦੌਰਾਨ ਦੋਵੇਂ ਮਤੇ ਹਾਊਸ ਵਿੱਚ ਪੇਸ਼ ਕੀਤੇ ਗਏ ਅਤੇ ਹਾਊਸ ਨੇ ਸਹਿਮਤੀ ਨਾਲ ਦੋਵੇਂ ਮਤਿਆਂ ਨੂੰ ਪ੍ਰਵਾਨਗੀ ਦਿੱਤੀ।
ਇਸੇ ਦੌਰਾਨ ਪ੍ਰਧਾਨ ਬਹਾਦਰ ਸਿੰਘ ਓ ਕੇ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਹਰਜੋਤ ਬੈਂਸ ਨੇ ਕੌਂਸਲਾਂ ਵਿੱਚ ਕੰਮ ਕਰਦੇ ਠੇਕਾ ਆਧਾਰਿਤ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ ਜਿਸ ਦੇ ਮੱਦੇਨਜ਼ਰ ਹੀ ਅੱਜ ਹਾਊਸ ਦੀ ਵਿਸ਼ੇਸ਼ ਮੀਟਿੰਗ ਸੱਦ ਕੇ ਇਨ੍ਹਾਂ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਨਾਲ ਕੌਂਸਲ ਦੇ ਚਾਰ ਦਰਜਨ ਸਫ਼ਾਈ ਕਰਮਚਾਰੀਆਂ ਅਤੇ ਅੱਧੀ ਦਰਜਨ ਸੀਵਰਮੈਨਾਂ ਦੇ ਪੱਕੇ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਜਲਦੀ ਹੀ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਲੀਆਂ ਸਾਰੀਆਂ ਸਹੂਲਤਾਂ ਮਿਲ ਸਕਣਗੀਆਂ।
ਇਸੇ ਦੌਰਾਨ ਸ੍ਰੀ ਓ ਕੇ ਨੇ ਦੱਸਿਆ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਨਵੇਂ ਸਿਰੇ ਤੋਂ ਯੋਜਨਾਬੰਦੀ ਕੀਤੀ ਜਾ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਨੂੰ ਅਦੇਸ਼ ਦੇ ਦਿੱਤੇ ਗਏ ਹਨ ਜਿਸ ਦੇ ਲਾਗੂ ਹੋਣ ਨਾਲ ਸਫ਼ਾਈ ਪ੍ਰਬੰਧਾਂ ਵਿੱਚ ਸੁਧਾਰ ਹੋ ਸਕੇਗਾ। ਇਸ ਮੀਟਿੰਗ ਵਿੱਚ ਮੀਤ ਪ੍ਰਧਾਨ ਸ਼ਮ੍ਹਾਂ ਕਾਲੀਆ, ਕਾਰਜਸਾਧਕ ਅਫਸਰ ਰਜਨੀਸ਼ ਸੂਦ, ਕੌਂਸਲਰ ਅਸ਼ਵਨੀ ਸ਼ਰਮਾ, ਪਰਦੀਪ ਰੂੜਾ ਸਣੇ ਸਮੂਹ ਕੌਂਸਲਰ ਤੇ ਕੌਂਸਲ ਦੇ ਅਧਿਕਾਰੀ ਹਾਜ਼ਰ ਸਨ।

