Municipal Council Election: ਗੁਰਪ੍ਰੀਤ ਸਿੰਘ ਵਿਰਕ ਜ਼ੀਰਕਪੁਰ ਕੌਂਸਲ ਦੇ ਪ੍ਰਧਾਨ ਬਣੇ
ਇੱਥੇ ਕੌਂਸਲ ਦੇ ਪ੍ਰਧਾਨ ਦੀ ਚੋਣ ਲਈ ਹੋਈ ਮੀਟਿੰਗ ਦੌਰਾਨ ਵਾਰਡ ਨੰਬਰ 31 ਦੇ ਕੌਂਸਲਰ ਗੁਰਪ੍ਰੀਤ ਸਿੰਘ ਵਿਰਕ ਨੂੰ ਪ੍ਰਧਾਨ ਚੁਣਿਆ ਗਿਆ ਜਦੋਂਕਿ ਗੁਰਵਿੰਦਰ ਸਿੰਘ ਰੰਗੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਸ਼ਨਪ੍ਰੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਹ ਮੀਟਿੰਗ...
ਇੱਥੇ ਕੌਂਸਲ ਦੇ ਪ੍ਰਧਾਨ ਦੀ ਚੋਣ ਲਈ ਹੋਈ ਮੀਟਿੰਗ ਦੌਰਾਨ ਵਾਰਡ ਨੰਬਰ 31 ਦੇ ਕੌਂਸਲਰ ਗੁਰਪ੍ਰੀਤ ਸਿੰਘ ਵਿਰਕ ਨੂੰ ਪ੍ਰਧਾਨ ਚੁਣਿਆ ਗਿਆ ਜਦੋਂਕਿ ਗੁਰਵਿੰਦਰ ਸਿੰਘ ਰੰਗੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਸ਼ਨਪ੍ਰੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਇਹ ਮੀਟਿੰਗ ਐੱਸ ਡੀ ਐੱਮ ਡੇਰਾਬੱਸੀ-ਕਮ-ਚੋਣ ਆਬਜ਼ਰਵਰ ਅਮਿਤ ਗੁਪਤਾ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਵਿੱਚ ਪਹਿਲਾਂ ਜੇਤੂ 31 ਕੌਂਸਲਰਾਂ ਨੂੰ ਸਹੁੰ ਚੁਕਾਈ ਗਈ। ਇਸ ਮਗਰੋਂ ਪ੍ਰਧਾਨਗੀ ਦੀ ਚੋਣ ਕੀਤੀ ਗਈ। ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਵਿਰੋਧੀ ਕੌਂਸਲਰ ਚਲੇ ਗਏ ਅਤੇ ਮੀਟਿੰਗ ਵਿੱਚ ਹਲਕਾ ਵਿਧਾਇਕ ਸ੍ਰੀ ਰੰਧਾਵਾ ਅਤੇ ‘ਆਪ’ ਦੇ 16 ਕੌਂਸਲਰ ਹਾਜ਼ਰ ਰਹੇ।
ਵਾਰਡ ਨੰਬਰ 19 ਤੋਂ ਕੌਂਸਲਰ ਰਜਿੰਦਰ ਸਿੰਘ ਰਾਜਾ ਨੇ ਪ੍ਰਧਾਨ ਦੇ ਅਹੁਦੇ ਲਈ ਗੁਰਪ੍ਰੀਤ ਸਿੰਘ ਵਿਰਕ ਦਾ ਨਾਂ ਪੇਸ਼ ਕੀਤਾ ਜਿਸ ਨੂੰ ਬਾਕੀ ਕੌਂਸਲਰਾਂ ਦੇ ਤਾਇਦ ਕੀਤਾ। ਇੱਥੇ 31 ਵਿੱਚੋਂ ‘ਆਪ’ ਦੇ 16, ਅਕਾਲੀ ਦਲ ਦੇ ਛੇ, ਭਾਜਪਾ ਅਤੇ ਕਾਂਗਰਸ ਦੇ ਚਾਰ-ਚਾਰ ਕੌਂਸਲਰ ਅਤੇ ਇੱਕ ਆਜ਼ਾਦ ਕੌਂਸਲਰ ਜੇਤੂ ਰਿਹਾ ਸੀ। ‘ਆਪ’ ਨੂੰ ਬਹੁਮਤ ਲਈ 16 ਕੌਂਸਲਰਾਂ ਦੀ ਲੋੜ ਸੀ ਜਦੋਂਕਿ ਇੱਕ ਵੋਟ ਹਲਕਾ ਵਿਧਾਇਕ ਦੀ ਵੀ ਹੈ।
ਸ੍ਰੀ ਵਿਰਕ ਬਲਟਾਣਾ ਖੇਤਰ ਨਾਲ ਸਬੰਧਤ ਹਨ ਜਦੋਂਕਿ ਸੀਨੀਅਰ ਮੀਤ ਪ੍ਰਧਾਨ ਲੋਹਗੜ੍ਹ ਖੇਤਰ ਨਾਲ ਸਬੰਧਤ ਹਨ। ਇਸੇ ਤਰ੍ਹਾਂ ਮੀਤ ਪ੍ਰਧਾਨ ਭਬਾਤ ਖੇਤਰ ਨਾਲ ਸਬੰਧਤ ਹੈ। ਇਹ ਤਿੰਨੇ ਜ਼ੀਰਕਪੁਰ ਦੇ ਵੱਡੇ ਵਸੋਂ ਵਾਲੇ ਖੇਤਰ ਹਨ। ਸ੍ਰੀ ਰੰਧਾਵਾ ਨੇ ਕਿਹਾ ਕਿ ਸਾਰੇ ਕੌਂਸਲਰ ਆਪੋ-ਆਪਣੇ ਵਾਰਡ ਵਿੱਚ ਦਫ਼ਤਰ ਖੋਲ੍ਹ ਕੇ ਲੋਕਾਂ ਦੀ ਸਮੱਸਿਆਵਾਂ ਦਾ ਨਿਬੇੜਾ ਕਰਨਗੇ। ਨਵੀਂ ਟੀਮ ਦੀ ਅਗਵਾਈ ਹੇਠ ਪੂਰੇ ਸ਼ਹਿਰ ਦਾ ਵਿਕਾਸ ਕੀਤਾ ਜਾਏਗਾ।

