ਨਿਗਮ ਨੇ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਸ਼ੁਰੂ ਕਰਵਾਈ
ਕੁਲਦੀਪ ਸਿੰਘ
ਚੰਡੀਗੜ੍ਹ, 8 ਜੁਲਾਈ
ਨਗਰ ਨਿਗਮ ਚੰਡੀਗੜ੍ਹ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਮੱਖੀਆਂ ਅਤੇ ਮੱਛਰਾਂ ਤੋਂ ਬਚਾਅ ਤੇ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਵਿਆਪਕ ਫੌਗਿੰਗ ਮੁਹਿੰਮ ਚਲਾਈ ਹੈ। ਮੌਨਸੂਨ ਦੇ ਮੌਸਮ ਦੌਰਾਨ ਚੁੱਕੇ ਜਾ ਰਹੇ ਇਹ ਕਦਮ ਨਿਗਮ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹਨ ਜੋ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਹਨ।
ਫੌਗਿੰਗ ਮੁਹਿੰਮ ਸਕੂਲਾਂ ਦੇ ਅਹਾਤੇ ਵਿੱਚ ਕੀਤੀ ਗਈ। ਇਸ ਵਿੱਚ ਕਲਾਸਰੂਮ, ਖੇਡ ਦੇ ਮੈਦਾਨ, ਗਲਿਆਰੇ ਅਤੇ ਹੋਰ ਉੱਚ-ਜ਼ੋਖ਼ਮ ਵਾਲੇ ਖੇਤਰ ਸ਼ਾਮਲ ਹਨ।
ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਅਤੇ ਤੰਦਰੁਸਤੀ ਇੱਕ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਨੇ ਸਕੂਲ ਅਧਿਕਾਰੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਲ਼ੇ-ਦੁਆਲ਼ੇ ਨੂੰ ਸਾਫ਼ ਰੱਖਣ ਅਤੇ ਪਾਣੀ ਇਕੱਠਾ ਨਾ ਹੋਣ ਦੇਣ।
ਸਟ੍ਰੀਟ ਲਾਈਟਾਂ ਦੇ ਖੰਭਿਆਂ ਤੋਂ ਹਟਾਈਆਂ ਰੱਸੀਆਂ
ਸ਼ਹਿਰ ਵਿੱਚ ਹੁਣ ਈਡਬਲਿਊੁਐੱਸ ਕਲੋਨੀਆਂ ਛੋਟੇ ਆਕਾਰ ਵਾਲ਼ੇ ਮਕਾਨਾਂ ਜਾਂ ਫਲੈਟਾਂ ਆਦਿ ਦੇ ਵਸਨੀਕ ਹੁਣ ਆਪਣੇ ਕੱਪੜੇ ਸੁਕਾਉਣ ਲਈ ਘਰਾਂ ਦੇ ਅੱਗੇ ਜਾਂ ਪਿੱਛੇ ਬਿਜਲੀ ਜਾਂ ਸਟ੍ਰੀਟ ਲਾਈਟਾਂ ਦੇ ਖੰਭਿਆਂ ਆਦਿ ਨਾਲ਼ ਰੱਸੀਆਂ ਨਹੀਂ ਬੰਨ੍ਹ ਸਕਣਗੇ। ਅੱਜ ਨਿਗਮ ਦੀ ਟੀਮ ਨੇ ਸ਼ਹਿਰ ਵਿੱਚ ਅਜਿਹੇ ਘਰਾਂ ਅੱਗੇ ਤੋਂ ਨਾ ਸਿਰਫ਼ ਬਿਜਲੀ ਦੇ ਖੰਭਿਆਂ ਨਾਲ ਬੰਨ੍ਹੀਆਂ ਰੱਸੀਆਂ ਨੂੰ ਹਟਾਇਆ ਬਲਕਿ ਲੋਕਾਂ ਨੂੰ ਅਜਿਹੇ ਉਦੇਸ਼ਾਂ ਲਈ ਬਿਜਲੀ ਦੇ ਖੰਭਿਆਂ ਦੀ ਵਰਤੋਂ ਕਰਨ ਦੇ ਖ਼ਤਰਿਆਂ ਬਾਰੇ ਜਾਗਰੂਕ ਵੀ ਕੀਤਾ। ਮੁਹਿੰਮ ਦੌਰਾਨ ਸਟਰੀਟ ਲਾਈਟ ਦੇ ਖੰਭਿਆਂ ਨਾਲ਼ ਲੋਹੇ ਦੀਆਂ ਚੇਨਾਂ ਨਾਲ ਬੰਨ੍ਹ ਕੇ ਖੜ੍ਹੇ ਕੀਤੇ ਸਾਈਕਲਾਂ, ਰੇਹੜੀਆਂ ਅਤੇ ਹੋਰ ਚੀਜ਼ਾਂ ਨੂੰ ਵੀ ਹਟਾ ਦਿੱਤਾ ਗਿਆ।