ਨਗਰ ਨਿਗਮ ਵੱਲੋਂ ਤਿੰਨ ਆਨਲਾਈਨ ਸੇਵਾਵਾਂ ਸ਼ੁਰੂ

ਨਗਰ ਨਿਗਮ ਵੱਲੋਂ ਤਿੰਨ ਆਨਲਾਈਨ ਸੇਵਾਵਾਂ ਸ਼ੁਰੂ

ਆਨਲਾਈਨ ਸੇਵਾਵਾਂ ਦਾ ਉਦਘਾਟਨ ਕਰਦੇ ਹੋਏ ਮੇਅਰ ਰਾਜ ਬਾਲਾ ਮਲਿਕ।

ਮੁਕੇਸ਼ ਕੁਮਾਰ
ਚੰਡੀਗੜ੍ਹ, 22 ਅਕਤੂਬਰ

ਚੰਡੀਗੜ੍ਹ ਨਗਰ ਨਿਗਮ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਤਿੰਨ ਹੋਰ ਆਨਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਨਗਰ ਨਿਗਮ ਦੇ ਬਾਗਵਾਨੀ ਅਤੇ ਐਨਫੋਰਸਮੈਂਟ ਵਿਭਾਗ ਸਮੇਤ ਰਿਕਸ਼ਾ-ਰੇਹੜੀ ਦੇ ਲਾਇਸੈਂਸ ਬਣਾਉਣ ਲਈ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਆਨਲਾਈਨ ਸੇਵਾਵਾਂ ਦਾ ਮੇਅਰ ਰਾਜ ਬਾਲਾ ਮਲਿਕ ਨੇ ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਦੇ ਸੈਕਟਰ-17 ਸਥਿਤ ਦਫਤਰ ਵਿੱਚ ਰਸਮੀ ਤੌਰ ’ਤੇ ਉਦਘਾਟਨ ਕੀਤਾ। 

ਅੱਜ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਤਿੰਨ ਆਨਲਾਈਨ ਸੇਵਾਵਾਂ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਦੇ ਸੀਈਓ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਚੰਡੀਗੜ੍ਹ ਸ਼ਹਿਰ ਵਿੱਚ ਲਾਗੂ ਕੀਤੀਆਂ ਜਾਣ ਵਾਲੀਆਂ 29 ਆਨਲਾਈਨ ਸੇਵਾਵਾਂ ਵਿੱਚੋਂ 11 ਸੇਵਾਵਾਂ ਸ਼ੁਰੂ ਹੋ ਗਈਆਂ ਹਨ ਤੇ ਮੌਜੂਦਾ ਤਿੰਨ ਹੋਰ ਨਵੀਆਂ ਸੇਵਾਵਾਂ ਨਾਲ ਬਾਗਵਾਨੀ ਵਿਭਾਗ ਨਾਲ ਸਬੰਧਤ ਸੇਵਾਵਾਂ ਆਨਲਾਈਨ ਮਿਲਣਗੀਆਂ। ਇਸ ਦੇ ਨਾਲ ਹੀ ਸ਼ਹਿਰ ਵਿੱਚ ਐਨਫੋਰਸਮੇਂਟ ਵਿੰਗ ਦੇ ਕਾਰਜਪ੍ਰਣਾਲੀ ਆਨਲਾਈਨ ਹੋ ਜਾਵੇਗੀ। ਇਸ ਤਰ੍ਹਾਂ ਐਨਫੋਰਸਮੈਂਟ ਵਿੰਗ ਦੇ ਅਧਿਕਾਰੀ ਹੁਣ ਨਾਜਾਇਜ ਕਬਜ਼ਿਆਂ ਦੇ ਈ-ਚਲਾਨ ਕੱਟਣਗੇ। ਦੂਜੇ ਪਾਸੇ ਐਨਫੋਰਸਮੈਂਟ ਵਿੰਗ ਵੱਲੋਂ ਕੱਟੇ ਗਏ ਚਲਾਨਾਂ ਦਾ ਭੁਗਤਾਨ ਵੀ ਆਨਲਾਈਨ ਕੀਤਾ ਜਾ ਸਕੇਗਾ। ਤੀਸਰੀ ਆਨਲਾਈਨ ਸੇਵਾ ਤਹਿਤ ਸ਼ਹਿਰ ਵਿੱਚ ਸਾਈਕਲ ਰਿਕਸ਼ਾ ਸਮੇਤ ਰੇਹੜੀਆਂ ਦੇ ਰਜਿਸਟਰੇਸ਼ਨ ਸਰਟੀਫਿਕੇਟ ਬਣਾਊਣ ਦੀਆਂ ਸੇਵਾਵਾਂ ਵੀ ਆਨਲਾਈਨ ਕੀਤੀਆਂ ਗਈਆਂ ਹਨ। ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਨਿਲ ਕੁਮਾਰ ਗਰਗ, ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਲਿਮਿਟਡ ਦੇ ਚੀਫ ਜਨਰਲ ਮੈਨੇਜਰ ਐਨਪੀ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰਾਜੈਕਟ ਲਾਗੂ ਕਰਨ ਲਈ ਪੱਬਾਂ ਭਾਰ ਹੈ ਤੇ ਇਸ ਸਬੰਧ ਵਿੱਚ ਕਈ ਆਨਲਾਈਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ: ਮੇਅਰ

ਮੇਅਰ ਰਾਜ ਬਾਲਾ ਮਲਿਕ ਨੇ ਆਨਲਾਈਨ ਸੇਵਾਵਾਂ ਨੂੰ ਲੈ ਕੇ ਕਿਹਾ ਕਿ ਇਸ ਨਾਲ ਜਿਥੇ ਸਬੰਧਤ ਵਿਭਾਗਾਂ ਦੀ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਆਵੇਗੀ ਉਥੇ ਲੋਕਾਂ ਦੇ ਸਮੇਂ ਵਿੱਚ ਵੀ ਬਚਤ ਹੋਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All