DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Municipal Corporation Chandigarh: ਨਗਰ ਨਿਗਮ ਦੀ ਹਾਊਸ ਮੀਟਿੰਗ ’ਚ ਹੰਗਾਮਾ

ਚੰਡੀਗੜ੍ਹ ’ਚ ਮੀਂਹ ਦੌਰਾਨ ਹੜ੍ਹ ਵਰਗੀ ਸਥਿਤੀ ’ਤੇ ‘ਆਪ’ ਵੱਲੋਂ ਘੇਰਾਬੰਦੀ; 227 ਕਰੋੜ ਦਾ ਟੇਬਲ ਏਜੰਡਾ ਬਿਨਾਂ ਚਰਚਾ ਪਾਸ ਕਰਨ ਦਾ ਮੁੱਦਾ ਭਖਿਆ

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਕਾਂਗਰਸੀ ਤੇ ‘ਆਪ’ ਕੌਂਸਲਰ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ
Advertisement
ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਦੀ ਅਗਵਾਈ ਹੇਠ ਅੱਜ ਹੋਈ ਹਾਊਸ ਮੀਟਿੰਗ ਹੰਗਾਮਾ ਭਰਪੂਰ ਰਹੀ। ਪਿਛਲੀ ਮੀਟਿੰਗ ਵਿੱਚ 227 ਕਰੋੜ ਰੁਪਏ ਦਾ ਟੇਬਲ ਏਜੰਡਾ ਬਗੈਰ ਚਰਚਾ ਤੋਂ ਹੀ ਪਾਸ ਕੀਤੇ ਜਾਣ ਦਾ ਮੁੱਦਾ ਖੂਬ ਭਾਰੂ ਰਿਹਾ ਜਿਸ ਉਤੇ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੇ ਮੇਅਰ ਅਤੇ ਅਧਿਕਾਰੀਆਂ ਨੂੰ ਘੇਰਿਆ। ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਹੋਈ ਪਏ ਮੀਂਹ ਦੌਰਾਨ ਸ਼ਹਿਰ ’ਚ ਹੜ੍ਹ ਵਰਗੇ ਹਾਲਾਤ ਪੈਦਾ ਹੋਣ ’ਤੇ ਆਮ ਆਦਮੀ ਪਾਰਟੀ ਨੇ ਰੋੋਸ ਜਤਾਇਆ।

ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਕੌਂਸਲਰਾਂ ਨੇ 227 ਕਰੋੜ ਰੁਪਏ ਦੇ ਏਜੰਡੇ ਸਬੰਧੀ ਮੇਅਰ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਕੌਂਸਲਰਾਂ ਨੇ ਸਵਾਲ ਕੀਤਾ ਕਿ ਇਸ ਏਜੰਡੇ ਨੂੰ ਇਸ ਤਰੀਕੇ ਨਾਲ ਸਦਨ ਦੇ ਸਾਹਮਣੇ ਕਿਉਂ ਲਿਆਂਦਾ ਗਿਆ ਹੈ। ਜਵਾਬ ਵਿੱਚ, ਮੇਅਰ ਨੇ ਕਿਹਾ ਕਿ ਏਜੰਡਾ ਪਹਿਲਾਂ ਹੀ ਸਦਨ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ।

Advertisement

ਕਾਂਗਰਸੀ ਕੌਂਸਲਰ ਗੁਰਪ੍ਰੀਤ ਨੇ ਸਵਾਲ ਕੀਤਾ ਕਿ ਸਦਨ ਦੀ ਪ੍ਰਵਾਨਗੀ ਤੋਂ ਬਿਨਾਂ ਏਜੰਡਾ ਕਿਵੇਂ ਵਾਪਸ ਲੈ ਲਿਆ ਗਿਆ। ਮੇਅਰ ਨੇ ਜਵਾਬ ਦਿੱਤਾ ਕਿ ਸਾਰੇ ਕੌਂਸਲਰਾਂ ਨੇ ਪਹਿਲਾਂ 227 ਕਰੋੜ ਰੁਪਏ ਦੇ ਏਜੰਡੇ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਹੁਣ ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਅੱਗੇ ਕਿਹਾ ਕਿ ਏਜੰਡੇ ਨੂੰ ਸਦਨ ’ਚ ਮੁੜ ਲਿਆ ਕੇ ਚਰਚਾ ਕੀਤੀ ਜਾਵੇਗੀ।

Advertisement

ਮੇਅਰ ਨੇ ਅਧਿਕਾਰੀਆਂ ਅਤੇ ਸ਼ਹਿਰ ਵਿਚਾਲੇ ਭਾਵਨਾਤਮਕ ਸਬੰਧ ਦੀ ਘਾਟ ਨੂੰ ਪਾਣੀ ਭਰਨ ਦਾ ਵੱਡਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਇੱਥੇ ਕੰਮ ਕਰਨ ਵਾਲੇ ਅਧਿਕਾਰੀ ਸ਼ਹਿਰ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਨਹੀਂ ਹਨ ਅਤੇ ਨਤੀਜੇ ਵਜੋਂ ਜ਼ਮੀਨੀ ਹਕੀਕਤ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ।

ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਵਿੱਚ ਹਰਦੀਪ ਸਿੰਘ ਬੁਟੇਰਲਾ, ਯੋਗੇਸ਼ ਢੀਂਗਰਾ, ਜਸਵਿੰਦਰ ਕੌਰ, ਕੁਲਦੀਪ ਸਿੰਘ ਢਿਲੋਡ ਅਤੇ ਜਸਬੀਰ ਸਿੰਘ ਲਾਡੀ ਆਦਿ ਨੇ ਮੰਗ ਕੀਤੀ ਕਿ ਨਗਰ ਨਿਗਮ ਸ਼ਹਿਰ ਦੀਆਂ ਲਾਈਆਂ ਪਾਈਪਲਾਈਨਾਂ ਦੀ ਅਸਲ ਪਾਣੀ ਦੀ ਨਿਕਾਸੀ ਸਮਰੱਥਾ ਨੂੰ ਸਪੱਸ਼ਟ ਕਰੇ। ਹਾਲਾਂਕਿ ਮੀਂਹ ਦੌਰਾਨ ਸ਼ਹਿਰ ਵਿੱਚ ਪਾਣੀ ਭਰਨ ’ਤੇ ਖ਼ੁਦ ਮੇਅਰ ਸੌਰਭ ਜੋਸ਼ੀ ਨੇ ਵੀ ਨਿਗਮ ਅਧਿਕਾਰੀਆਂ ਨੂੰ ਫਟਕਾਰ ਲਾਈ। ਕਮਿਸ਼ਨਰ ਅਮਿਤ ਕੁਮਾਰ ਨੇ ਇਸ ਮੁੱਦੇ ’ਤੇ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।

ਕਾਂਗਰਸ ਅਤੇ ‘ਆਪ’ ਦੋਵਾਂ ਦੇ ਕੌਂਸਲਰਾਂ ਵੱਲੋਂ 227 ਕਰੋੜ ਰੁਪਏ ਦੇ ਟੇਬਲ ਏਜੰਡੇ ਵਾਲੇ ਮੁੱਦੇ ’ਤੇ ਇੱਕਜੁੱਟ ਹੋ ਕੇ ਵਿਰੋਧ ਕੀਤਾ ਗਿਆ। ਸਾਬਕਾ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਵੀ ਇਸੇ ਏਜੰਡੇ ’ਤੇ ਸਵਾਲ ਚੁੱਕਿਆ ਅਤੇ ਮੰਗ ਕੀਤੀ ਕਿ ਇਸ ਮਸਲੇ ਵਿੱਚ ਜਿਹੜਾ ਵੀ ਅਧਿਕਾਰੀ ਜਾਂ ਕਰਮਚਾਰੀ ਦਾ ਸ਼ਾਮਲ ਹੋਵੇ, ਉਸ ਦਾ ਨਾਮ ਸਾਹਮਣੇ ਆਉਣਾ ਚਾਹੀਦਾ ਹੈ।

ਰਾਮ ਮੰਦਰ ਚੋਰੀ ਦੇ ਮੁੱਦੇ ’ਤੇ ਕਾਂਗਰਸ ਵੱਲੋਂ ਵਿਰੋਧ

ਨਿਗਮ ਦੀ ਹਾਊਸ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਰਾਮ ਮੰਦਰ 'ਚ ਹੋਈ ਚੋਰੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਾਰਵਾਈ ਦੌਰਾਨ ਕਾਂਗਰਸ ਤੇ ਭਾਜਪਾ ਕੌਂਸਲਰਾਂ ਦੀ ਬਹਿਸ ਵੀ ਹੋਈ। ਕਾਂਗਰਸੀ ਕੌਂਸਲਰ ਗੁਰਪ੍ਰੀਤ ਗਾਬੀ ਨੇ ਦੋਸ਼ ਲਾਇਆ ਕਿ ਇਸ ਮੁੱਦੇ ਨਾਲ ਸਬੰਧਤ ਏਜੰਡਾ ਆਈਟਮ ਨੂੰ ਜਾਣਬੁੱਝ ਕੇ ਛੁਪਾਇਆ ਗਿਆ ਹੈ, ਹਾਲਾਂਕਿ ਇਸ ਨੂੰ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ। ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਈ ਸਾਬਕਾ ਭਾਜਪਾ ਮੇਅਰਾਂ ਦੇ ਕੰਮਕਾਜ ’ਤੇ ਵੀ ਸਵਾਲ ਚੁੱਕੇ ਤਾਂ ਮੇਅਰ ਸੌਰਭ ਜੋਸ਼ੀ ਦਾ ਪਾਰਾ ਚੜ੍ਹ ਗਿਆ। ਮੇਅਰ ਨੇ ਕਿਹਾ ਕਿ ਜੇ ਕਾਂਗਰਸ ਪੁਰਾਣੇ ਮੁੱਦੇ ਚੁੱਕਦੀ ਹੈ, ਤਾਂ ਉਹ ਕਾਂਗਰਸ ਦੇ ਸਾਬਕਾ ਮੇਅਰਾਂ ਦਾ ਰਿਕਾਰਡ ਵੀ ਬੇਨਕਾਬ ਕਰਨਗੇ।

ਮੀਟਿੰਗ ਤੋਂ ਪਹਿਲਾਂ ‘ਆਪ’ ਵੱਲੋਂ ਮੁਜ਼ਾਹਰਾ

ਹਾਊਸ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸੈਕਟਰ 17 ਵਿਖੇ ਪੈਟਰੋਲ ਪੰਪ ਤੋਂ ਲੈ ਕੇ ਨਗਰ ਨਿਗਮ ਦਫਤਰ ਤੱਕ ਪ੍ਰਦਰਸ਼ਨ ਕੀਤਾ ਗਿਆ। ‘ਆਪ’ ਕੌਂਸਲਰਾਂ ਨੇ ਮੀਂਹ ਦੌਰਾਨ ਸ਼ਹਿਰ ਵਿੱਚ ਪੈਦਾ ਹੋਈ ਹੜ੍ਹ ਵਰਗੀ ਸਥਿਤੀ ਨੂੰ ਲੈ ਕੇ ਸੱਤਾ ਧਿਰ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਵੱਡੀ ਕਿਸ਼ਤੀ ਵੀ ਰੱਖ ਕੇ ਰੋਸ ਪ੍ਰਗਟਾਇਆ। ਇਸੇ ਦੌਰਾਨ ‘ਆਪ’ ਆਗੂਆਂ ਦੀ ਪੁਲੀਸ ਨਾਲ ਹਲਕੀ ਝੜਪ ਵੀ ਹੋਈ ਜਿਸ ਮਗਰੋਂ ਪੁਲੀਸ ਨੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਸਣੇ ਕਈ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਥਾਣੇ ਲੈ ਗਈ।

Advertisement
×