MP Satnam Sandhu ਨੇ ਮੁਹਾਲੀ-ਕੁਰਾਲੀ ਐਕਸਪ੍ਰੈੱਸਵੇਅ 'ਤੇ ਬਜਹੇੜੀ ਟੋਲ ਪਲਾਜ਼ਾ ਵਿਖੇ ਐਂਟਰੀ-ਐਗਜ਼ਿਟ ਪੁਆਇੰਟ ਬਣਾਉਣ ਦੀ ਕੀਤੀ ਮੰਗ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮਾਮਲੇ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਨ ਦਾ ਦਿੱਤਾ ਭਰੋਸਾ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਮੁਹਾਲੀ ਆਈ ਟੀ ਸਿਟੀ-ਕੁਰਾਲੀ ਗ੍ਰੀਨਫੀਲਡ ਐਕਸਪ੍ਰੈੱਸਵੇਅ ਉੱਤੇ ਬਜਹੇੜੀ ਟੋਲ ਪਲਾਜ਼ਾ ਵਿਖੇ ਇੱਕ ਐਂਟਰੀ-ਐਗਜ਼ਿਟ ਪੁਆਇੰਟ (ਆਉਣ-ਜਾਣ ਲਈ ਰਸਤਾ) ਅਤੇ ਸਰਵਿਸ ਰੋਡ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਅਤੇ ਫਤਹਿਗੜ੍ਹ ਸਾਹਿਬ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਆਵਾਜਾਈ (ਕਨੈਕਟੀਵਿਟੀ) ਬਿਹਤਰ ਹੋਵੇਗੀ।
ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਸੰਧੂ ਨੇ ਕਿਹਾ ਕਿ ਐਕਸਪ੍ਰੈੱਸਵੇਅ ਤੱਕ ਸਿੱਧੀ ਪਹੁੰਚ ਨਾ ਹੋਣ ਕਾਰਨ ਪੀਰ ਸੋਹਾਨਾ, ਸ਼ਕਰੁੱਲਾਪੁਰ, ਰੋੜਾ, ਸੋਤਲ, ਬਜਹੇੜੀ, ਘਰਾਂਗਾ ਅਤੇ ਬੱਟਾ ਵਰਗੇ ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਮੁਹਾਲੀ, ਖਰੜ ਅਤੇ ਕੁਰਾਲੀ ਵੱਲ ਆਉਣ-ਜਾਣ ਵਾਲੇ ਹਜ਼ਾਰਾਂ ਰੋਜ਼ਾਨਾ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਉਣ-ਜਾਣ ਲਈ ਰਸਤੇ ਜਾਂ ਸਰਵਿਸ ਰੋਡ ਲਈ ਤਕਨੀਕੀ ਤੌਰ 'ਤੇ ਸੰਭਾਵਨਾ ਦਾ ਅਧਿਐਨ (ਫੀਜ਼ੀਬਿਲਟੀ ਸਟੱਡੀ) ਦੀ ਮੰਗ ਕਰਦਿਆਂ ਸੰਧੂ ਨੇ ਕਿਹਾ, “ਬਜਹੇੜੀ ਟੋਲ ਪਲਾਜ਼ਾ ਨੇੜੇ ਆਉਣ-ਜਾਣ ਲਈ ਸਿੱਧੇ ਰਸਤਿਆਂ ਅਤੇ ਸੰਪਰਕ ਸੜਕ ਦੀ ਅਣਹੋਂਦ ਕਾਰਨ ਸ੍ਰੀ ਫ਼ਤਹਿਗੜ੍ਹ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਅਤੇ ਹਜ਼ਾਰਾਂ ਰੋਜ਼ਾਨਾ ਯਾਤਰੀਆਂ ਲਈ ਭਾਰੀ ਮੁਸ਼ਕਲ ਬਣ ਗਈ ਹੈ, ਜਿਨ੍ਹਾਂ ਨੂੰ ਬਹੁਤ ਲੰਮਾ ਰਸਤਾ ਤੈਅ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।”
ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ 2,300 ਕਰੋੜ ਰੁਪਏ ਦੀ ਲਾਗਤ ਵਾਲੇ 30 ਕਿਲੋਮੀਟਰ ਲੰਮੇ ਮੁਹਾਲੀ ਆਈ ਟੀ ਸਿਟੀ-ਖਰੜ ਛੇ-ਮਾਰਗੀ ਗ੍ਰੀਨਫੀਲਡ ਐਕਸਪ੍ਰੈੱਸਵੇਅ ਲਈ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਸ ਖੇਤਰ ਵਿੱਚ ਆਵਾਜਾਈ ਵਿੱਚ ਕਾਫ਼ੀ ਸੁਧਾਰ ਹੋਇਆ ਹੈ।
ਸੰਧੂ ਨੇ ਕਿਹਾ, “ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਬਜਹੇੜੀ ਟੋਲ ਪਲਾਜ਼ਾ ਦੇ ਹੇਠੋਂ ਲੰਘਦੀ ਹੈ, ਜਿੱਥੇ ਐਂਟਰੀ-ਐਗਜ਼ਿਟ ਲਈ ਕੋਈ ਪ੍ਰਬੰਧ ਨਹੀਂ ਹੈ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਸਥਾਨ 'ਤੇ ਆਉਣ-ਜਾਣ ਲਈ ਰਸਤਿਆਂ ਅਤੇ ਇੱਕ ਸੰਪਰਕ ਸੜਕ ਦੇ ਪ੍ਰਬੰਧ ਲਈ ਤਕਨੀਕੀ ਸੰਭਾਵਨਾ ਦਾ ਅਧਿਐਨ ਕਰਵਾਏ।” ਉਨ੍ਹਾਂ ਕਿਹਾ ਕਿ ਬਿਹਤਰ ਕੁਨੈਕਟੀਵਿਟੀ ਨਾਲ ਸ਼ਰਧਾਲੂਆਂ ਅਤੇ ਸਥਾਨਕ ਵਸਨੀਕਾਂ ਦੋਵਾਂ ਨੂੰ ਫ਼ਾਇਦਾ ਹੋਵੇਗਾ।
ਇਸ ਮੁੱਦੇ 'ਤੇ ਜਵਾਬ ਦਿੰਦਿਆਂ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ 'ਤੇ ਪਹਿਲ ਦੇ ਆਧਾਰ 'ਤੇ ਵਿਚਾਰ ਕੀਤਾ ਜਾਵੇਗਾ।
ਗਡਕਰੀ ਨੇ ਕਿਹਾ, “ਮੈਂ ਖੁਦ ਇਸ ਮਾਮਲੇ ਦੀ ਜਾਂਚ ਕਰਾਂਗਾ। ਪ੍ਰਸ਼ਨ ਕਾਲ ਤੋਂ ਤੁਰੰਤ ਬਾਅਦ ਮੈਂ ਸਬੰਧਤ ਅਧਿਕਾਰੀਆਂ ਨੂੰ ਬੁਲਾਵਾਂਗਾ, ਮਾਮਲੇ ਦਾ ਵਿਸਥਾਰ ਨਾਲ ਅਧਿਐਨ ਕਰਾਂਗਾ ਅਤੇ ਉਚਿਤ ਹੱਲ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।”
ਮੰਤਰੀ ਨੇ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਇਸ ਪ੍ਰਸਤਾਵ 'ਤੇ ਵਿਸਥਾਰ ਨਾਲ ਚਰਚਾ ਕਰਨ ਲਈ ਸੰਧੂ ਨੂੰ ਮੀਟਿੰਗ ਦਾ ਸੱਦਾ ਵੀ ਦਿੱਤਾ।

