ਬਲਵਿੰਦਰ ਰੈਤ
ਨੂਰਪੁਰ ਬੇਦੀ, 24 ਸਤੰਬਰ
ਪਿੰਡ ਖੇੜਾ ਕਲਮੋਟ ਵਿਚ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਨੂੰ ਫੇਟ ਮਾਰਨ ਕਾਰਨ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਸ਼ਮੀਰ ਮੁਹੰਮਦ (45), ਪੁੱਤਰ ਨਿਜਾਮਦੀਨ ਵਾਸੀ ਪਿਡ ਖੇੜਾ ਕਲਮੋਟ ਵਜੋਂ ਹੋਈ ਹੈ। ਇਸ ਤੋਂ ਬਾਅਦ ਗੁੱਸੇ ਵਿਚ ਆਏ ਪਿੰਡ ਖੇੜਾ ਕਲਮੋਟ ਤੇ ਹੋਰ ਪਿੰਡਾਂ ਦੇ ਲੋਕਾਂ ਨੇ ਭੰਗਲਾ-ਖੇੜਾ ਕਲਮੋਟ ਮਾਰਗ ’ਤੇ ਜਾਮ ਲਗਾ ਦਿੱਤਾ। ਸਮਾਜ ਸੇਵੀ ਦੀਪਕ ਰਾਣਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਾਦਸੇ ਨਿੱਤ ਵਾਪਰ ਰਹੇ ਹਨ। ਓਵਰਲੋਡ ਵਾਹਨਾਂ ਕਾਰਨ ਕਈ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਵਾਹਨ ਦਾ ਪਤਾ ਲਗਾ ਕੇ ਉਸ ਦੇ ਚਾਲਕ ਵਿਰੁੱਧ ਕੇਸ ਦਰਜ ਕੀਤਾ ਜਾਵੇ। ਓਵਰਲੋਡ ਵਾਹਨ ਬੰਦ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੋ ਧੀਆਂ ਅਤੇ ਦੋ ਪੁੱਤਰ ਛੱਡ ਗਿਆ ਜੋ ਗਰੀਬ ਪਰਿਵਾਰ ਨਾਲ ਸਬੰਧਤ ਸੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇਸ ਪਰਿਵਾਰ ਦੀ ਆਰਥਿਕ ਮਦਦ ਕਰਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ। ਐਸਐਚਓ ਦਾਨਿਸ਼ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਿਸ ਮਗਰੋਂ ਮਾਹੌਲ ਸ਼ਾਂਤ ਹੋਇਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।