ਬਾਸਕਟਬਾਲ ਮੁਕਾਬਲੇ ’ਚ ਮੁਹਾਲੀ ਜੇਤੂ
ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ 69ਵੀਆਂ ਸੂਬਾ ਪੱਧਰੀ ਸਕੂਲ ਖੇਡਾਂ ਦੌਰਾਨ ਲੜਕੀਆਂ ਦੇ 14 ਸਾਲ ਉਮਰ ਵਰਗ ਦੇ ਬਾਸਕਟਬਾਲ ਮੁਕਾਬਲੇ ਅੱਜ ਮੁਹਾਲੀ ਵਿੱਚ ਮੁਕੰਮਲ ਹੋਏ। ਫਾਈਨਲ ਵਿੱਚ ਲੁਧਿਆਣਾ ਦੀ ਟੀਮ ਨੂੰ ਹਰਾ ਕੇ ਮੇਜ਼ਬਾਨ ਮੁਹਾਲੀ ਦੀਆਂ ਕੁੜੀਆਂ ਜੇਤੂ ਬਣੀਆਂ। ਬਾਸਕਟਬਾਲ ਮੁਕਾਬਲਿਆਂ ਦੇ ਸੈਮੀਫਾਈਨਲ ਵਿੱਚ ਲੁਧਿਆਣਾ ਨੇ ਪਟਿਆਲਾ ਨੂੰ ਤੇ ਮੁਹਾਲੀ ਨੇ ਮਾਨਸਾ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਮੇਜ਼ਬਾਨ ਮੁਹਾਲੀ ਤੇ ਲੁਧਿਆਣਾ ਵਿਚਕਾਰ ਖੇਡੇ ਫਾਈਨਲ ਮੈਚ ਦਾ ਉਦਘਾਟਨ ਡਿਪਟੀ ਡਾਇਰੈਕਟਰ (ਸਪੋਰਟਸ) ਸੁਨੀਲ ਕੁਮਾਰ ਨੇ ਕੀਤਾ। ਪਹਿਲੇ ਅੱਧ ਤੱਕ ਲੁਧਿਆਣਾ ਦੀ ਟੀਮ ਵੱਡੇ ਅੰਤਰ ਨਾਲ ਅੱਗੇ ਰਹੀ ਜਦੋਂਕਿ ਦੂਜੇ ਅੱਧ ਵਿੱਚ ਮੇਜ਼ਬਾਨ ਟੀਮ ਨੇ ਪਾਸਾ ਪਲਟਦਿਆਂ ਲੁਧਿਆਣਾ ਨੂੰ ਫਸਵੇਂ ਮੁਕਾਬਲੇ ਵਿੱਚ 59-57 ਦੇ ਅੰਤਰ ਨਾਲ ਹਰਾ ਕੇ ਟਰਾਫ਼ੀ ਆਪਣੇ ਨਾਂ ਕੀਤੀ। ਇਸੇ ਦੌਰਾਨ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ਵਿੱਚ ਪਟਿਆਲਾ ਨੇ ਮਾਨਸਾ ਨੂੰ 44-30 ਦੇ ਅੰਤਰ ਨਾਲ ਹਰਾਇਆ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਦੱਸਿਆ ਕਿ ਜੇਤੂ ਰਹੀ ਮੇਜ਼ਬਾਨ ਟੀਮ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ। ਇਸ ਮੌਕੇ ਅਮਨਦੀਪ ਕੌਰ ਗਿੱਲ, ਪਰਮਵੀਰ ਕੌਰ, ਲਕਸ਼ਮੀ ਦੇਵੀ, ਮਨਪ੍ਰੀਤ ਸਿੰਘ ਰੂਬੀ, ਸੂਬਾਵੀਰ ਕੌਰ, ਹਰਪ੍ਰੀਤ ਸਿੰਘ ਲੌਂਗੀਆ, ਨਵਦੀਪ ਚੌਧਰੀ, ਜਸਵਿੰਦਰ ਸਿੰਘ, ਏਕਜੋਤ ਸਿੰਘ, ਅਮਰੀਕ ਸਿੰਘ, ਸੁਰਿੰਦਰ ਸਿੰਘ, ਸ਼ੁਭਮ ਸਰਮਾ, ਰਵੀ ਨਾਢਾ, ਸੰਦੀਪ ਸਿੰਘ, ਕ੍ਰਿਸ਼ਨ ਮਹਿਤਾ, ਨਵਦੀਪ ਸੈਣੀ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ, ਅਮਨਦੀਪ ਕੌਰ ਆਦਿ ਤੋਂ ਇਲਾਵਾ ਹੋਰ ਖੇਡ ਅਧਿਆਪਕ ਹਾਜ਼ਰ ਸਨ।
