
ਦਰਸ਼ਨ ਸਿੰਘ ਸੋਢੀ
ਮੁਹਾਲੀ, 12 ਮਈ
ਇਥੋਂ ਦੇ ਇਤਿਹਾਸਕ ਗੁਰਦੁਆਰਾ ਫ਼ਤਹਿ-ਏ-ਜੰਗ ਸਾਹਿਬ ਚੱਪੜਚਿੜੀ ਤੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ‘ਫਤਹਿ ਮਾਰਚ’ ਅੱਜ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋਇਆ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਧਾਮੀ ਨੇ ਕੇਸਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ, ਐੱਸਜੀਪੀਸੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ, ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਤੇ ਚਰਨਜੀਤ ਸਿੰਘ ਕਾਲੇਵਾਲ ਸਮੇਤ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸਾਬਕਾ ਸਕੱਤਰ ਅਵਤਾਰ ਸਿੰਘ, ਬਾਬਾ ਜੱਸਾ ਸਿੰਘ, ਨੰਬਰਦਾਰ ਹਰਵਿੰਦਰ ਸਿੰਘ, ਚੱਪੜਚਿੜੀ ਦੇ ਸਾਬਕਾ ਸਰਪੰਚ ਸੋਹਣ ਸਿੰਘ, ਗੁਰਮੇਲ ਸਿੰਘ, ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ, ਸਿਮਰਨਜੀਤ ਸਿੰਘ ਚੰਦੂਮਾਜਰਾ, ਐੱਸਜੀਪੀਸੀ ਦੇ ਮੈੈਨੇਜਰ ਰਜਿੰਦਰ ਸਿੰਘ ਟੌਹੜਾ, ਗਿਆਨੀ ਹਰਪਾਲ ਸਿੰਘ, ਕਥਾ ਵਾਚਕ ਇੰਦਰਜੀਤ ਸਿੰਘ, ਬੀਬੀ ਹਰਬੰਸ ਕੌਰ ਨੇ ਹਾਜ਼ਰੀ ਭਰੀ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਚੱਪੜਚਿੜੀ ਵਿੱਚ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਹਜ਼ੂਰੀ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਅਲੌਕਿਕ ਮਾਰਚ ਵਿੱਚ ਰਵਾਇਤੀ ਬਾਣੇ ਅਤੇ ਸ਼ਾਸਤਰਾਂ ਨਾਲ ਸਜੇ ਨਿਹੰਗ ਸਿੰਘਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਦੂਰ-ਦੁਰਾਡੇ ਦੀਆਂ ਸੰਗਤਾਂ ਸ਼ਾਮਲ ਹੋਈਆਂ।
ਇਸ ਮੌਕੇ ਸ੍ਰੀ ਰਜਿੰਦਰ ਸਿੰਘ ਧਾਮੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਕਾਰਨਾਮਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਸਿੱਖ ਲੀਡਰਸ਼ਿਪ ਦੀ ਯੋਗ ਅਗਵਾਈ ਦੀ ਸਖ਼ਤ ਲੋੜ ਹੈ। ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਚੱਪੜਚਿੜੀ ਵਿੱਚ ਜੰਗੀ ਯਾਦਗਾਰ ਸਥਾਪਤ ਕਰਕੇ ਸੰਗਤ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਬਹੁਤ ਵੱਡਾ ਤੇ ਸ਼ਲਾਘਾਯੋਗ ਕੰਮ ਕੀਤਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ