ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਜਨਵਰੀ
ਮੁਹਾਲੀ ਵਿੱਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਉਮੀਦਵਾਰਾਂ ਵੱਲੋਂ ਵਿਕਾਸ ਦੀ ਥਾਂ ਇਕ ਦੂਜੇ ਖ਼ਿਲਾਫ਼ ਸਿਆਸੀ ਦੂਸ਼ਣਬਾਜ਼ੀ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਬੀਤੇ ਕੱਲ੍ਹ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਨੂੰ ਸੁਖਬੀਰ ਬਾਦਲ ਦੀ ਅਸਲ ਟੀਮ ਕਹਿ ਕੇ ਭੰਡਿਆ ਸੀ।
ਉਧਰ, ਸਾਬਕਾ ਮੇਅਰ ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਸ਼ਹਿਰ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਤੇ ਆਪਣੇ ਪੁੱਤਰ ਸਰਬਜੀਤ ਸਿੰਘ ਸਮਾਣਾ ਸਮੇਤ ਹੋਰਨਾਂ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਕਿਸੇ ਵਿਸ਼ੇਸ਼ ਵਿਅਕਤੀ ਦੀ ‘ਬੀ ਟੀਮ’ ਦਾ ਹਿੱਸਾ ਨਹੀਂ ਹਨ ਬਲਕਿ ਮੁਹਾਲੀ ਦੇ ਲੋਕ ਹੀ ਉਸ ਦੀ ਅਸਲੀ ਟੀਮ ਹਨ। ਉਨ੍ਹਾਂ ਨੇ ਮੁਹਾਲੀ ਦੇ ਵਿਕਾਸ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ‘ਅਸਫਲ’ ਦੱਸਦਿਆਂ ਕਿਹਾ ਕਿ ਕਾਂਗਰਸ ਨੂੰ ਲੋਕਾਂ ਕੋਲੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਅੱਜ ਇੱਥੇ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣਾ ਵਪਾਰਕ ਸਾਮਰਾਜ ਬਚਾਉਣ ਲਈ ਆਪਣੇ ਹੀ ਭਾਈਵਾਲਾਂ ਦੀ ਪਿੱਠ ਵਿੱਚ ਕਥਿਤ ਤੌਰ ’ਤੇ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਉਹ (ਸਾਬਕਾ ਮੇਅਰ) ਸ਼ੁਰੂ ਤੋਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ‘ਬੀ ਟੀਮ’ ਦਾ ਹਿੱਸਾ ਰਹੇ ਹਨ ਅਤੇ ਕਾਂਗਰਸ ਨਾਲ ਹੱਥ ਮਿਲਾ ਕੇ ਮੇਅਰ ਦੀ ਕੁਰਸੀ ’ਤੇ ਕਾਬਜ਼ ਹੋਏ ਸੀ। ਅਕਾਲੀ ਆਗੂ ਨੇ ਕਿਹਾ ਕਿ ਮੁਹਾਲੀ ਵਿੱਚ ਜਿੰਨੇ ਵੀ ਵਿਕਾਸ ਕਾਰਜ ਹੋਏ ਉਹ ਸਿਰਫ਼ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਦੀ ਬਦੌਲਤ ਹੋਏ ਹਨ। ਇੱਥੇ ਕੌਮਾਂਤਰੀ ਹਵਾਈ ਅੱਡਾ ਅਤੇ ਮੁਹਾਲੀ ਨੂੰ ਜੋੜਦੀਆਂ ਚਾਰ ਮਾਰਗੀ ਸੜਕਾਂ ਅਕਾਲੀ ਸਰਕਾਰ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਬਲਬੀਰ ਸਿੱਧੂ ਨੂੰ ਕਿਸੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ। ਮੁਹਾਲੀ ਦੇ ਲੋਕਾਂ ਨੇ ਇਹ ਸਮਝ ਲਿਆ ਹੈ ਕਿ ਕਾਂਗਰਸ ਨੇ ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਲਈ ਕੁਝ ਨਹੀਂ ਕੀਤਾ।
‘ਕਾਂਗਰਸ ਸਰਕਾਰ ਦੀ ਨੀਅਤ ਤੇ ਨੀਤੀਆਂ ਵਿੱਚ ਖੋਟ’
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦੀ ਨੀਅਤ ਅਤੇ ਨੀਤੀਆਂ ਵਿੱਚ ਖੋਟ ਹੈ ਅਤੇ ਕਾਂਗਰਸ ਆਗੂਆਂ ਦੀ ਕਾਰਗੁਜ਼ਾਰੀ ਤੋਂ ਸ਼ਹਿਰ ਵਾਸੀ ਚੰਗੀ ਤਰ੍ਹਾਂ ਵਾਕਿਫ਼ ਹਨ। ਕਾਂਗਰਸੀ ਮੰਤਰੀਆਂ ਕੋਲ ਦਿਖਾਉਣ ਅਤੇ ਜਨਤਕ ਤੌਰ ’ਤੇ ਸਾਂਝਾ ਕਰਨ ਲਈ ਕੋਈ ਯੋਜਨਾ ਨਹੀਂ ਹੈ। ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਕੇ ਬੁੱਤਾ ਸਾਰ ਰਹੇ ਹਨ।