ਮੁਹਾਲੀ: ਸਿਹਤ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਵੇਰਕਾ ਮਿਲਕ ਪਲਾਂਟ ਚੌਕ ’ਤੇ ਨੈਸ਼ਨਲ ਹਾਈਵੇਅ ਜਾਮ

ਮੁਹਾਲੀ: ਸਿਹਤ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਵੇਰਕਾ ਮਿਲਕ ਪਲਾਂਟ ਚੌਕ ’ਤੇ ਨੈਸ਼ਨਲ ਹਾਈਵੇਅ ਜਾਮ

ਦਰਸ਼ਨ ਸਿੰਘ ਸੋਢੀ

ਮੁਹਾਲੀ, 30 ਨਵੰਬਰ

ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਜ ਯੂਨੀਅਨ (ਫੀਮੇਲ) ਨੇ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਟਾਲਮਟੋਲ ਨੀਤੀਆਂ ਤੋਂ ਦੁਖੀ ਹੋ ਕੇ ਅੱਜ ਬਾਅਦ ਦੁਪਹਿਰ ਮੁਹਾਲੀ ਵੇਰਕਾ ਮਿਲਕ ਪਲਾਂਟ ਚੌਕ ’ਤੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਸਿਹਤ ਵਿਭਾਗ ਦੇ ਕੱਚੇ ਕਰਮਚਾਰੀ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਕਈ ਦਿਨਾਂ ਤੋਂ ਸੰਘਰਸ਼ ਦੇ ਰਾਹ ’ਤੇ ਹਨ। ਅੱਜ ਮੁਹਾਲੀ ਵਿਖੇ ਚੱਕਾ ਜਾਮ ਪ੍ਰਦਰਸ਼ਨ ਵਿੱਚ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਿੱਚ ਹੈਲਥ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਜਥੇਬੰਦੀ ਦੇ ਆਗੂਆਂ ਕਿਰਨਜੀਤ ਕੌਰ ਮੁਹਾਲੀ ਅਤੇ ਨਰਿੰਦਰ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਮੀਟਿੰਗ ਕਰਨ ਦਾ ਸਮਾਂ ਦਿੱਤਾ ਸੀ ਪਰ ਮੀਟਿੰਗ ਨਾ ਕੀਤੀ। ਇਸ ਮਗਰੋਂ ਸਿਹਤ ਕਾਮਿਆਂ ਦੇ ਰੋਹ ਨੂੰ ਦੇਖਦੇ ਹੋਏ ਉਨ੍ਹਾਂ ਦੀ ਸਿਹਤ ਸਕੱਤਰ ਨਾਲ ਮੀਟਿੰਗ ਕਰਵਾਈ ਗਈ ਪਰ ਅਧਿਕਾਰੀ ਨੇ ਉਨ੍ਹਾਂ ਨੂੰ ਸਾਫ਼ ਲਫ਼ਜ਼ਾਂ ਵਿੱਚ ਕਹਿ ਦਿੱਤਾ ਕਿ ਵਿਭਾਗ ਵਿੱਚ ਨਵੀਆਂ ਆਸਾਮੀਆਂ ਕੱਢੀਆਂ ਜਾਣਗੀਆਂ ਅਤੇ ਪ੍ਰੀਖਿਆ ਵਿੱਚ ਪਾਸ ਅਤੇ ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਵਿਚਾਰਿਆ ਜਾਵੇਗਾ। ਜਿਸ ਕਾਰਨ ਸਿਹਤ ਕਾਮਿਆਂ (ਮਹਿਲਾ ਮੁਲਾਜ਼ਮਾਂ) ਨੇ ਪਹਿਲਾਂ ਡਾਇਰੈਕਟੋਰੇਟ ਦਾ ਘਿਰਾਓ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੇ ਵੇਰਕਾ ਚੌਕ ਫੇਜ਼-6 ਪਹੁੰਚ ਕੇ ਮੁਹਾਲੀ-ਖਰੜ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ।

ਮਹਿਲਾ ਆਗੂਆਂ ਨੇ ਕਿਹਾ ਕਿ ਉਹ ਪਿਛਲੇ 16 ਦਿਨਾਂ ਤੋਂ ਸੈਕਟਰ-34 ਸਥਿਤ ਡਾਇਰੈਕਟਰ ਦਫ਼ਤਰ ਅਤੇ ਅੰਮ੍ਰਿਤਸਰ ਸਥਿਤ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਮੂਹਰੇ ਪੱਕਾ ਮੋਰਚਾ ਲਗਾ ਕੇ ਬੈਠੀਆਂ ਹਨ ਪਰ ਹੁਣ ਤੱਕ ਉਨ੍ਹਾਂ ਦੀ ਸੇਵਾਵਾਂ ਰੈਗੂਲਰ ਕਰਨ ਸਬੰਧੀ ਸਰਕਾਰ ਨੇ ਹੁੰਗਾਰਾ ਨਹੀਂ ਭਰਿਆ। ਹਾਲਾਂਕਿ ਕੁੱਝ ਦਿਨ ਪਹਿਲਾਂ ਉਪ ਮੁੱਖ ਮੰਤਰੀ (ਜਿਨ੍ਹਾਂ ਕੋਲ ਸਿਹਤ ਵਿਭਾਗ ਹੈ) ਓਪੀ ਸੋਨੀ ਵੱਲੋਂ ਜਥੇਬੰਦੀ ਨਾਲ ਮੀਟਿੰਗ ਕਰਕੇ ਸੇਵਾਵਾਂ ਰੈਗੂਲਰ ਕਰ ਦਾ ਭਰੋਸਾ ਦਿੱਤਾ ਸੀ ਪਰ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਅਜੇ ਤਾਈਂ ਸਰਕਾਰ ਨੇ ਮਸਲਾ ਹੱਲ ਨਹੀਂ ਕੀਤਾ।

ਇਸ ਮੌਕੇ ਸਰਬਜੀਤ ਕੌਰ ਅਤੇ ਚੰਚਲ ਬਾਲਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਪੰਜਾਬ ਭਰ ਵਿੱਚ ਵੱਡੇ ਪੱਧਰ ’ਤੇ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਦਕਿ ਅਸਲੀਅਤ ਇਹ ਹੈ ਕਿ ਅਜੇ ਤਾਈਂ ਇੱਕ ਮੁਲਾਜ਼ਮ ਵੀ ਪੱਕਾ ਨਹੀਂ ਕੀਤਾ। ਉਨ੍ਹਾਂ ਐਲਾਨ ਕੀਤਾ ਕਿ 4 ਦਸੰਬਰ ਨੂੰ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਅੰਮ੍ਰਿਤਸਰ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਮਲਾਗਰ ਸਿੰਘ ਖਮਾਣੋਂ, ਪਰਮਜੀਤ ਕੌਰ ਸੰਗਰੂਰ, ਸਰਬਜੀਤ ਕੌਰ ਸੰਗਰੂਰ, ਕਨਵੀਨਰ ਨਰਿੰਦਰ ਕੌਰ, ਕਿਰਨਜੀਤ ਕੌਰ, ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ, ਸਰਬਜੀਤ ਕੌਰ ਜਲੰਧਰ, ਅਮਰੀਕ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All