ਮੁਹਾਲੀ ਨਿਗਮ ਦਾ ਕਾਰਜਕਾਲ 11 ਨੂੰ ਮੁੱਕੇਗਾ
ਡੇਰਾਬੱਸੀ ਤੇ ਬਨੂਡ਼ ਕੌਂਸਲਾਂ ਦੀ ਮਿਆਦ ਮੁੱਕੀ; ਕੁਰਾਲੀ ਦਾ ਕਾਰਜਕਾਲ 14 ਨੂੰ ਤੇ ਖਰਡ਼ ਦਾ 18 ਨੂੰ ਖਤਮ ਹੋਵੇਗਾ; ਅਧਿਕਾਰੀਆਂ ਨੂੰੂ ਪ੍ਰਬੰਧਕ ਨਿਯੁਕਤ ਕੀਤਾ
ਮੁਹਾਲੀ ਜ਼ਿਲ੍ਹੇ ਵਿਚ ਪੈਂਦੇ ਨਗਰ ਨਿਗਮ ਮੁਹਾਲੀ ਅਤੇ ਬਾਕੀ ਨਗਰ ਕੌਂਸਲਾਂ ਬਨੂੜ, ਡੇਰਾਬੱਸੀ, ਖਰੜ ਅਤੇ ਕੁਰਾਲੀ ਦੀ ਮਿਆਦ ਚਾਲੂ ਹਫ਼ਤੇ ਵਿਚ ਖ਼ਤਮ ਹੋ ਜਾਵੇਗੀ। ਜ਼ੀਰਕਪੁਰ ਨਗਰ ਕੌਂਸਲ ਦੀ ਮਿਆਦ 6 ਅਪਰੈਲ ਨੂੰ ਖਤਮ ਹੋ ਚੁੱਕੀ ਹੈ ਅਤੇ ਇਸ ਕੌਂਸਲ ਲਈ ਐੱਸ ਡੀ ਐੱਮ ਡੇਰਾਬੱਸੀ ਨੂੰ ਪ੍ਰਬੰਧਕ ਨਿਯੁਕਤ ਕੀਤਾ ਗਿਆ। ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਮਨਜੀਤ ਸਿੰਘ ਬਰਾੜ ਦੇ ਦਸਤਖ਼ਤਾਂ ਹੇਠ ਪੰਜਾਬ ਭਰ ਦੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਲਈ ਪ੍ਰਬੰਧਕਾਂ ਦੀ ਨਿਯੁਕਤੀ ਸਬੰਧੀ ਜਾਰੀ ਕੀਤੀ ਨੋਟੀਫਿਕੇਸ਼ਨ ਤਹਿਤ ਨਗਰ ਕੌਂਸਲ ਬਨੂੜ ਅਤੇ ਨਗਰ ਕੌਂਸਲ ਡੇਰਾਬੱਸੀ ਦੀ ਮਿਆਦ 8 ਅਪਰੈਲ ਨੂੰ ਮੁੱਕ ਜਾਵੇਗੀ। ਬਨੂੜ ਕੌਂਸਲ ਲਈ ਐੱਸ ਡੀ ਐੱਮ ਖਰੜ ਨੂੰ ਅਤੇ ਡੇਰਾਬੱਸੀ ਕੌਂਸਲ ਲਈ ਐੱਸ ਡੀ ਐੱਮ ਡੇਰਾਬੱਸੀ ਨੂੰ ਪ੍ਰਬੰਧਕ ਲਾਇਆ ਗਿਆ ਹੈ। ਮੁਹਾਲੀ ਨਗਰ ਨਿਗਮ ਦੀ ਮਿਆਦ 11 ਅਪਰੈਲ ਨੂੰ ਮੁੱਕੇਗੀ ਤੇ ਇੱਥੇ ਨਗਰ ਨਿਗਮ ਦੇ ਕਮਿਸ਼ਨਰ ਪ੍ਰਬੰਧਕ ਹੋਣਗੇ। ਨਗਰ ਕੌਂਸਲ ਖਰੜ ਦੀ ਮਿਆਦ 18 ਅਪਰੈਲ ਨੂੰ ਅਤੇ ਨਗਰ ਕੌਂਸਲ ਕੁਰਾਲੀ ਦੀ ਮਿਆਦ 14 ਅਪਰੈਲ ਨੂੰ ਖ਼ਤਮ ਹੋਵੇਗੀ। ਦੋਵਾਂ ਕੌਂਸਲਾਂ ਲਈ ਐੱਸ ਡੀ ਐੱਮ ਖਰੜ ਨੂੰ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ ਨਗਰ ਨਿਗਮ ਮੁਹਾਲੀ ਅਤੇ ਜ਼ਿਲ੍ਹੇ ਦੀਆਂ ਪੰਜ ਨਗਰ ਕੌਂਸਲਾਂ ਦੀ ਮਿਆਦ ਪੂਰੀ ਹੋਣ ਮਗਰੋਂ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ।

