
ਮੁਹਾਲੀ ਵਿੱਚ ਨਾਜਾਇਜ਼ ਕਬਜ਼ੇ ਹਟਾਉਂਦੀ ਹੋਏ ਨਗਰ ਨਿਗਮ ਦੀ ਟੀਮ।
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 29 ਨਵੰਬਰ
ਮੁਹਾਲੀ ਨਗਰ ਨਿਗਮ ਮੁਹਾਲੀ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਇੱਥੋਂ ਦੇ ਫੇਜ਼-9, ਫੇਜ਼-10 ਅਤੇ ਫੇਜ਼-11 ਵਿੱਚ ਨਾਜਾਇਜ਼ ਰੇਹੜੀਆਂ-ਫੜ੍ਹੀਆਂ, ਚਾਹ ਦੇ ਖੋਖੇ, ਅਤੇ ਦੁਕਾਨਾਂ ਅੱਗੇ ਬਰਾਂਡਿਆਂ ਵਿੱਚ ਸਾਮਾਨ ਰੱਖ ਕੇ ਕੀਤੇ ਕਬਜ਼ੇ ਹਟਾਏ ਗਏ। ਇਸ ਦੌਰਾਨ ਨਿਗਮ ਟੀਮ ਨੇ ਕਾਫ਼ੀ ਸਾਮਾਨ ਜ਼ਬਤ ਕੀਤਾ ਗਿਆ। ਨਗਰ ਨਿਗਮ ਦੀ ਟੀਮ ਜਿਵੇਂ ਹੀ ਉਪਰੋਕਤ ਇਲਾਕਿਆਂ ਵਿੱਚ ਪਹੁੰਚੀ ਤਾਂ ਰੇਹੜੀਆਂ-ਫੜ੍ਹੀਆਂ ਅਤੇ ਹੋਰ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਉਂਜ ਇਸ ਦੌਰਾਨ ਕਈ ਰੇਹੜੀਆਂ ਵਾਲੇ ਨਿਗਮ ਟੀਮ ਨੂੰ ਆਉਂਦਿਆਂ ਦੇਖ ਕੇ ਮੌਕੇ ਤੋਂ ਖਿਸਕ ਗਏ। ਹਾਲਾਂਕਿ ਕੁਝ ਰੇਹੜੀਆਂ-ਫੜ੍ਹੀਆਂ ਵਾਲਿਆਂ ਨੇ ਨਗਰ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਪਰ ਕਬਜ਼ੇ ਹਟਾਉਣ ਦੀ ਕਾਰਵਾਈ ਜਾਰੀ ਰਹੀ।
ਨਗਰ ਨਿਗਮ ਦੇ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਅੱਜ ਸੁਪਰਡੈਂਟ ਚਰਨਜੀਤ ਸਿੰਘ ਦੀ ਅਗਵਾਈ ਹੇਠ ਫੇਜ਼-9, ਫੇਜ਼-10 ਅਤੇ ਫੇਜ਼-11 ’ਚੋਂ ਰੇਹੜੀਆਂ-ਫੜ੍ਹੀਆਂ, ਚਾਹ ਦੇ ਖੋਖੇ, ਢਾਬਿਆਂ ਸਮੇਤ ਮਾਰਕੀਟਾਂ ਵਿੱਚ ਦੁਕਾਨਾਂ ਦੇ ਬਾਹਰ ਬਰਾਂਡਿਆਂ ਵਿੱਚ ਦੂਰ ਤੱਕ ਸਜਾ ਕੇ ਰੱਖਿਆ ਸਾਮਾਨ ਵੀ ਪਾਸੇ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਨਿਗਮ ਟੀਮ ਜਦੋਂ ਨਾਜਾਇਜ਼ ਕਬਜ਼ੇ ਹਟਵਾ ਕੇ ਚੱਲੀ ਜਾਂਦੀ ਹੈ ਤਾਂ ਕੁਝ ਸਮੇਂ ਬਾਅਦ ਦੁਬਾਰਾ ਰੇਹੜੀਆਂ-ਫੜ੍ਹੀਆਂ ਅਤੇ ਖੋਖੇ ਵਾਲੇ ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ ਅਤੇ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਦੇ ਅੱਗੇ ਸਾਮਾਨ ਰੱਖ ਲਿਆ ਜਾਂਦਾ ਹੈ ਪਰ ਹੁਣ ਨਿਗਮ ਟੀਮ ਦੀ ਟੀਮ ਅਤੇ ਪੀਸੀਆਰ ਦੀ ਗੱਡੀ ਮਾਰਕੀਟਾਂ ਵਿੱਚ ਤਾਇਨਾਤ ਰਹੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਬੰਧਤ ਥਾਵਾਂ ’ਤੇ ਦੁਬਾਰਾ ਨਾਜਾਇਜ਼ ਕਬਜ਼ੇ ਨਾ ਹੋਣ।
ਗਮਾਡਾ ਨੇ ਨਾਜਾਇਜ਼ ਉਸਾਰੀਆਂ ਢਾਹੀਆਂ
ਖਰੜ (ਪੱਤਰ ਪ੍ਰੇਰਕ): ਗਮਾਡਾ ਵੱਲੋਂ ਅੱਜ ਮੁੜ ਇਲਾਕੇ ਦੇ ਪਿੰਡ ਝਾਮਪੁਰ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ। ਇਸ ਸਬੰਧੀ ਜ਼ਿਲ੍ਹਾ ਨਗਰ ਯੋਜਨਾਕਾਰ ਹਰਪ੍ਰੀਤ ਸਿੰਘ ਬਾਜਵਾ ਅਤੇ ਗਮਾਡਾ ਦੇ ਜੇ.ਈ ਵਰੁਨ ਕੁਮਾਰ ਨੇ ਦੱਸਿਆ ਕਿ ਪਿੰਡ ਝਾਮਪੁਰ ਵਿੱਚ 7-8 ਅਜਿਹੀਆਂ ਉਸਾਰੀਆਂ ਢਾਹੀਆਂ ਗਈਆਂ ਜਿਨ੍ਹਾਂ ਦੀਆਂ ਨੀਹਾਂ ਭਰੀਆਂ ਹੋਈਆਂ ਸਨ ਅਤੇ ਉਨ੍ਹਾਂ ਉੱਤੇ ਲੈਂਟਰ ਪੈਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਅਜਿਹੇ ਕਲੋਨਾਈਜ਼ਰਾਂ ਵਿਰੁੱਧ ਕੇਸ ਵੀ ਦਰਜ ਕਰਵਾਏ ਜਾਣਗੇ ਜੋ ਨਾਜਾਇਜ਼ ਕਲੋਨੀਆਂ ਦੀ ਉਸਾਰੀ ਕਰ ਰਹੇ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਬਿਲਕੁਲ ਆਪਣੇ ਹੱਥ ਵਿੱਚ ਨਾ ਲੈਣ ਅਤੇ ਬਿਨਾਂ ਮਨਜ਼ੂਰੀ ਕੋਈ ਵੀ ਉਸਾਰੀ ਨਾ ਕਰਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ