
ਦਰਸ਼ਨ ਸਿੰਘ ਸੋਢੀ
ਮੁਹਾਲੀ, 24 ਮਾਰਚ
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਬਜਟ ਮੀਟਿੰਗ ਵਿੱਚ ਕਾਫ਼ੀ ਰੌਲਾ ਰੱਪਾ ਪਿਆ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਪੱਖਪਾਤ ਦੇ ਦੋਸ਼ ਲਾਏ ਪਰ ਇਸ ਦੇ ਬਾਵਜੂਦ ਹਾਊਸ ਵਿੱਚ ਸ਼ਹਿਰ ਦੇ ਵਿਕਾਸ ਲਈ 190 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਮੈਡਮ ਨਵਜੋਤ ਕੌਰ ਸਮੇਤ ਸ਼ਹਿਰ ਦੇ ਕੌਂਸਲਰ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਵਿਕਾਸ ਪੱਖੋਂ ਮੁਹਾਲੀ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ। ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਚੌਕ ਬਣਾਏ ਜਾਣਗੇ, ਉੱਥੇ ਗਰੀਨ ਬੈਲਟਾਂ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਇਸ਼ਤਿਹਾਰਬਾਜ਼ੀ ਸਾਈਟਾਂ ਨੂੰ ਠੇਕੇ 'ਤੇ ਦੇਣ ਨਾਲ ਨਗਰ ਨਿਗਮ ਦੀ ਆਮਦਨ ਵਧੇਗੀ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਮਿਸ਼ਨਰ ਨਵਜੋਤ ਕੌਰ ਦੇ ਸਹੁਰੇ, ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਨਗਰ ਨਿਗਮ ਦੇ ਮੀਤ ਪ੍ਰਧਾਨ ਐਨਕੇ ਮਰਵਾਹਾ ਦੇ ਅਕਾਲ ਚਲਾਣੇ ਉੱਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਬਜਟ ਮੀਟਿੰਗ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪ੍ਰਾਪਰਟੀ ਟੈਕਸ ਨਾਲ ਸਬੰਧਿਤ ਅਮਲੇ ਨੂੰ ਖਾਸ ਤੌਰ ’ਤੇ 9 ਕਰੋੜ ਰੁਪਏ ਵੱਧ ਇਕੱਠੇ ਕਰਨ ਤੇ ਵਧਾਈ ਦਿੱਤੀ।
ਡਿਪਟੀ ਮੇਅਰ ਨੇ ਕਿਹਾ ਕਿ ਇਸ ਵਾਧੇ ਨੂੰ ਦੇਖਦੇ ਹੋਏ ਇਸ ਸਾਲ ਵੀ ਪ੍ਰਾਪਰਟੀ ਟੈਕਸ ਤੇ ਐਡਵਰਟਾਈਜ਼ਮੈਂਟ ਟੈਕਸ ਵਿਚ ਹੋਰ ਵਾਧੇ ਦੀ ਉਮੀਦ ਵੇਖਦੇ ਹੋਏ ਬਜਟ ਨੂੰ 185 ਕਰੋੜ ਤੋਂ 190 ਕਰੋੜ ਕੀਤਾ ਜਾਵੇ, ਜਿਸਨੂੰ ਪ੍ਰਵਾਨਗੀ ਦਿੱਤੀ ਗਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ