Mohali Hospital Accident: ਢਿੱਗਾਂ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ; ਇੱਕ ਜ਼ਖ਼ਮੀ
Mohali Hospital Accident: ਮੁਹਾਲੀ ਦੀ ਏਅਰੋਸਿਟੀ ਦੇ ਏ ਬਲਾਕ ਵਿਚ ਹਸਪਤਾਲ ਦੀ ਉਸਾਰੀ ਅਧੀਨ ਇਮਾਰਤ ਦੀ ਬੇਸਮੈਂਟ ਦੀ ਖੁਦਾਈ ਦੌਰਾਨ ਵਾਪਰੀ ਘਟਨਾ
Mohali Hospital Accident: ਮੁਹਾਲੀ ਦੀ ਏਅਰੋਸਿਟੀ ਦੇ 'ਏ' ਬਲਾਕ ਵਿੱਚ ਇੱਕ ਨਿੱਜੀ ਹਸਪਤਾਲ ਦੀ ਇਮਾਰਤ ਦੀ ਉਸਾਰੀ ਦਰਮਿਆਨ ਪੁੱਟੀ ਜਾ ਰਹੀ ਬੇਸਮੈਂਟ ਦੇ ਇੱਕ ਪਾਸੇ ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਥੱਲੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਅਧਿਕਾਰਿਤ ਤੌਰ 'ਤੇ ਪ੍ਰਸ਼ਾਸਨ ਵੱਲੋਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਮਲਬੇ ਵਿੱਚ ਦੋ-ਤਿੰਨ ਹੋਰ ਮਜ਼ਦੂਰਾਂ ਦੇ ਦਬੇ ਹੋਣ ਦੀ ਵੀ ਸੰਭਾਵਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਦੇਰ ਸ਼ਾਮੀਂ ਵਾਪਰਿਆ। ਸਥਾਨਕ ਕੌਂਸਲਰ ਹਰਵਿੰਦਰ ਸਿੰਘ ਬਿੰਦਰ ਨੇ ਦੱਸਿਆ ਕਿ ਹਸਪਤਾਲ ਦੀ ਬੇਸਮੈਂਟ 30-40 ਫੁੱਟ ਡੂੰਘੀ ਪੁੱਟੀ ਗਈ ਸੀ। ਸੜਕ ਵਾਲੇ ਪਾਸੇ ਮਿੱਟੀ ਦੀ ਬਰਮ ਨੂੰ ਰੋਕਣ ਲਈ ਸੁਰੱਖਿਆ ਦਾ ਪੁਖ਼ਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਮਿੱਟੀ ਖਿਸਕ ਗਈ ਅਤੇ ਇੱਕ ਪਾਸੇ ਦੀ ਦੀਵਾਰ ਵੀ ਧਸ ਗਈ। ਉਨ੍ਹਾਂ ਦੱਸਿਆ ਕਿ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਗੰਭੀਰ ਜ਼ਖ਼ਮੀ ਹੈ।
ਮੌਕੇ 'ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਡੀ ਐੱਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਅਧਿਕਾਰਿਤ ਤੌਰ 'ਤੇ ਮੌਤਾਂ ਦੀ ਗਿਣਤੀ ਅਤੇ ਪੁਸ਼ਟੀ ਡਾਕਟਰਾਂ ਵੱਲੋਂ ਕੀਤੀ ਜਾਵੇਗੀ।
ਇਸੇ ਦੌਰਾਨ ਕੌਂਸਲਰ ਅਤੇ ਕਈ ਸਥਾਨਕ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਦੀ ਕਥਿਤ ਅਣਗਹਿਲੀ ਅਤੇ ਗਮਾਡਾ ਵੱਲੋਂ ਕੋਈ ਵੀ ਧਿਆਨ ਨਾ ਦਿੱਤੇ ਜਾਣ ਕਾਰਨ ਮਜ਼ਦੂਰਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਮਾਰਤ ਦੀ ਖੁਦਾਈ ਸਮੇਂ ਲੋੜੀਂਦੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਜਾਂਦੀ ਤਾਂ ਇਸ ਹਾਦਸੇ ਤੋਂ ਬਚਾਅ ਹੋ ਸਕਦਾ ਸੀ। ਹਾਦਸੇ ਮਗਰੋਂ ਮਜ਼ਦੂਰਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚਣੇ ਆਰੰਭ ਹੋ ਗਏ ਹਨ। ਡੀ ਐੱਸ ਪੀ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਇਸ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਿਤੇ ਵੀ ਕੋਤਾਹੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸਨ।

