Anti-encroachment drive to resume ਮੁਹਾਲੀ ਵਿੱਚ ਨਾਜਾਇਜ਼ ਕਬਜ਼ੇ ਮੁੜ ਹਟਾਏ ਜਾਣਗੇ
ਨਿਗਮ ਨੇ ਹਾਈ ਕੋਰਟ ’ਚ ਦਿੱਤੀ ਜਾਣਕਾਰੀ; ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਤਕਰਾ ਕੀਤਾ ਜਾ ਰਿਹੈ ਤੇ ਚੁਣ-ਚੁਣ ਕੇ ਕੀਤੀ ਜਾ ਰਹੀ ਹੈ ਕਾਰਵਾਈ: ਕੌਂਸਲਰ
ਮੁਹਾਲੀ ਵਿਚ ਨਾਜਾਇਜ ਕਬਜ਼ੇ ਮੁੜ ਹਟਾਏ ਜਾਣਗੇ। ਇਸ ਸਬੰਧੀ 13 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ ਤੇ ਮੁਹਾਲੀ ਨਗਰ ਨਿਗਮ ਨੇ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ 19 ਜਨਵਰੀ ਤੋਂ ਰਿਹਾਇਸ਼ੀ, ਵਪਾਰਕ, ਉਦਯੋਗਿਕ ਖੇਤਰਾਂ, ਪਾਰਕਾਂ ਜਾਂ ਕਿਸੇ ਵੀ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।
ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਇਹ ਕਾਰਵਾਈ ਜਾਰੀ ਰਹੇਗੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮੁਹਾਲੀ ਸ਼ਹਿਰ ਵਿੱਚੋਂ ਆਪਣੇ ਨਾਜਾਇਜ਼ ਕਬਜ਼ੇ ਤੁਰੰਤ ਹਟਾ ਲੈਣ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ 19 ਜਨਵਰੀ ਤੋਂ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਲਗਾਤਾਰ ਮੁਹਿੰਮ ਚਲਾਉਣਗੇ।
ਉਨ੍ਹਾਂ ਕਿਹਾ, "ਇਸ ਕਾਰਵਾਈ ਦੌਰਾਨ ਜੇ ਕਿਸੇ ਕਬਜ਼ਾਧਾਰਕ ਦੀ ਜਾਇਦਾਦ ਦਾ ਕੋਈ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਮਾਲਕ ਦੀ ਹੋਵੇਗੀ। ਨਾਜਾਇਜ਼ ਕਬਜ਼ਾ ਹਟਾਉਣ ਤੋਂ ਬਾਅਦ ਨਗਰ ਨਿਗਮ ਸਬੰਧਤ ਮਾਲਕ ਨੂੰ ਨੋਟਿਸ ਜਾਰੀ ਕਰੇਗਾ ਅਤੇ ਹੋਏ ਖਰਚੇ ਦੀ ਵਸੂਲੀ ਵੀ ਕਰੇਗਾ।"
ਮੁਹਾਲੀ ਨਗਰ ਨਿਗਮ ਇਸ ਮੁਹਿੰਮ ਦੌਰਾਨ ਉਸਾਰੀਆਂ ਢਾਹੁਣ ਅਤੇ ਸਾਮਾਨ ਜ਼ਬਤ ਕਰਨ ਵਿੱਚ pick and choose ਦੀ ਨੀਤੀ ਅਪਣਾਉਣ ਕਾਰਨ ਆਲੋਚਨਾ ਦੇ ਘੇਰੇ ਵਿੱਚ ਹੈ। ਹਾਲ ਹੀ ਵਿੱਚ ਹੋਈ ਹਾਊਸ ਦੀ ਮੀਟਿੰਗ ਵਿੱਚ ਵੱਖ-ਵੱਖ ਪਾਰਟੀਆਂ ਦੇ ਕਈ ਕੌਂਸਲਰਾਂ ਨੇ ਦੋਸ਼ ਲਾਇਆ ਕਿ ਨਿਗਮ ਕਬਜ਼ੇ ਹਟਾਉਣ ਵਿੱਚ ਪੱਖਪਾਤੀ ਰਿਹਾ ਹੈ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਨੇ ਸ਼ਹਿਰ ਦੇ ਉਨ੍ਹਾਂ ਪ੍ਰਮੁੱਖ ਕਬਜ਼ਾਧਾਰਕਾਂ ਦੇ ਨਾਮ ਅਤੇ ਪਤੇ ਵੀ ਦੱਸੇ ਜਿਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ, ਜਿਸ 'ਤੇ ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸੰਧੂ ਅਤੇ ਹੋਰ ਅਧਿਕਾਰੀ ਚੁੱਪ ਰਹੇ। ਮੀਟਿੰਗ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਸਮੇਂ ਅਤੇ ਤਰੀਕੇ ਨੂੰ ਲੈ ਕੇ ਮੇਅਰ ਅਮਰਜੀਤ ਸਿੰਘ ਸਿੱਧੂ ਅਤੇ ਕਮਿਸ਼ਨਰ ਇੱਕਮਤ ਨਹੀਂ ਹਨ।

