MLA Kulwant Singh: ਸੁੱਖਗੜ੍ਹ ਅਤੇ ਰਾਏਪੁਰ ਖ਼ੁਰਦ ਵਿੱਚ ਲੋਕ ਮਿਲਣੀ
ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਰਾਏਪੁਰ ਖੁਰਦ ਅਤੇ ਸੁੱਖਗੜ੍ਹ ਵਿੱਚ ਲੋਕ ਮਿਲਣੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਆਰ ਪੀ ਸ਼ਰਮਾ ਅਤੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਵੀ ਮੌਜੂਦ ਸਨ। ਵਿਧਾਇਕ ਨੇ ਦੋਵੇਂ ਪਿੰਡਾਂ ਵਿਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਤੁਰੰਤ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸਰਕਾਰ ਨੇ ਪੂਰਾ ਕਰ ਦਿੱਤਾ ਹੈ ਪੰਜਾਬ ਦਾ ਵਿਕਾਸ ਜ਼ੋਰਾਂ ’ਤੇ ਹੈ। ਉਨ੍ਹਾਂ ਮੁਫ਼ਤ ਬਿਜਲੀ, ਮੁਫ਼ਤ ਇਲਾਜ, ਕਿਸਾਨਾਂ ਨੂੰ ਦਿਨ ਸਮੇਂ ਬਿਜਲੀ, ਮਹਿਲਾਵਾਂ ਨੂੰ 1000 ਤੇ 1500 ਮਹੀਨਾ ਸਣੇ ਹੋਰ ਸਕੀਮਾਂ ਗਿਣਾਈਆਂ ਅਤੇ ਲੋਕਾਂ ਨੂੰ ਇਨ੍ਹਾਂ ਦਾ ਲਾਭ ਲੈਣ ਲਈ ਆਖਿਆ।
ਵਿਧਾਇਕ ਨੇ ਦੱਸਿਆ ਕਿ ਪਿੰਡ ਸੁੱਖਗੜ੍ਹ ਦੀ ਫਿਰਨੀ ਲਈ ਰੰਗਲਾ ਪੰਜਾਬ ਸਕੀਮ ਤਹਿਤ 2 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਜਨਰਲ ਧਰਮਸ਼ਾਲਾ ਲਈ 5 ਲੱਖ ਰੁਪਏ ਅਤੇ ਫਿਰਨੀ ’ਤੇ ਪੇਵਰ ਲਗਾਉਣ ਲਈ 4 ਲੱਖ ਰੁਪਏ ਰੰਗਲਾ ਪੰਜਾਬ-3 ਸਕੀਮ ਤਹਿਤ ਜਲਦੀ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡ ਰਾਏਪੁਰ ਖੁਰਦ ਵਿੱਚ ਰੰਗਲਾ ਪੰਜਾਬ-2 ਸਕੀਮ ਤਹਿਤ ਆਂਗਣਵਾੜੀ ਸੈਂਟਰ ਲਈ 4 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਰੰਗਲਾ ਪੰਜਾਬ-3 ਤਹਿਤ ਆਂਗਣਵਾੜੀ ਸੈਂਟਰ ਲਈ ਹੋਰ 4 ਲੱਖ ਰੁਪਏ ਅਤੇ ਪੰਚਾਇਤੀ ਘਰ ਲਈ 5 ਲੱਖ ਰੁਪਏ ਵੀ ਜਲਦ ਜਾਰੀ ਕੀਤੇ ਜਾਣਗੇ। ਇਸ ਮੌਕੇ ਸਰਪੰਚ ਕੁਲਵੀਰ ਕੌਰ, ਬਲਕਾਰ ਸਿੰਘ, ਤਰਲੋਚਨ ਸਿੰਘ ਮਟੌਰ, ਕੁਲਦੀਪ ਸਿੰਘ ਸਮਾਣਾ ਹਾਜ਼ਰ ਸਨ।
