ਨਿਗਮ ਦਫ਼ਤਰ ਵਿੱਚੋਂ ਕੋਰਟ ਕੇਸ ਵਾਲੀ ਫਾਈਲ ਗੁੰਮ

ਨਿਗਮ ਦਫ਼ਤਰ ਵਿੱਚੋਂ ਕੋਰਟ ਕੇਸ ਵਾਲੀ ਫਾਈਲ ਗੁੰਮ

ਕਮਿਸ਼ਨਰ ਨੂੰ ਸ਼ਿਕਾਇਤ ਦਿੰਦੇ ਹੋਏ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ।

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 2 ਜੂਨ

 

ਮੁੱਖ ਅੰਸ਼

  • ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਮਾਮਲੇ ਦੀ ਪੜਤਾਲ ਮੰਗੀ
  • ਕਮਿਸ਼ਨਰ ਕਮਲ ਕੁਮਾਰ ਗਰਗ ਨੂੰ ਸ਼ਿਕਾਇਤ ਪੱਤਰ ਸੋਂਪਿਆ

ਮੁਹਾਲੀ ਨਗਰ ਨਿਗਮ ਦੇ ਦਫ਼ਤਰ ’ਚੋਂ ਵਿਵਾਦਿਤ ਵਿਦੇਸ਼ੀ ਟ੍ਰੀ ਪਰੂਨਿੰਗ ਮਸ਼ੀਨ ਦੇ ਜ਼ਰੂਰੀ ਦਸਤਾਵੇਜ਼ਾਂ ਵਾਲੀ ਫਾਈਲ (ਅਦਾਲਤੀ ਕੇਸ ਵਾਲੀ ਫਾਈਲ) ਭੇਤਭਰੀ ਹਾਲਤ ਵਿੱਚ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਨਿਗਮ ਨੇ ਜਰਮਨੀ ਮਸ਼ੀਨ ਦੀ ਖ਼ਰੀਦ ਲਈ ਜਨਵਰੀ 2017 ਵਿੱਚ ਪ੍ਰਾਈਵੇਟ ਕੰਪਨੀ ਨੂੰ 89.50 ਲੱਖ ਰੁਪਏ ਐਡਵਾਂਸ ਵਿੱਚ ਦਿੱਤੇ ਗਏ ਸਨ। ਬਾਅਦ ਵਿੱਚ ਮਸ਼ੀਨ ਦੀ ਖ਼ਰੀਦੋ-ਫ਼ਰੋਖ਼ਤ ਨੂੰ ਲੈ ਕੇ ਵੱਡੇ ਪੱਧਰ ’ਤੇ ਸਿਆਸੀ ਵਿਵਾਦ ਛਿੜ ਗਿਆ ਸੀ ਜਿਸ ਕਾਰਨ ਹੁਣ ਤੱਕ ਮਸ਼ੀਨ ਮੁਹਾਲੀ ਨਿਗਮ ਦਫ਼ਤਰ ਨਹੀਂ ਪਹੁੰਚ ਸਕੀ। ਸਾਬਕਾ ਜੱਜ ਵੱਲੋਂ ਸਮੁੱਚੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਿੱਥੇ ਨਗਰ ਨਿਗਮ ਵੱਲੋਂ ਪ੍ਰਾਈਵੇਟ ਕੰਪਨੀ ਤੋਂ ਐਡਵਾਂਸ ਲਏ ਪੈਸੇ ਵਾਪਸ ਮੰਗੇ ਜਾ ਰਹੇ ਹਨ, ਉੱਥੇ ਕੰਪਨੀ ਨੇ ਵੀ ਨਿਗਮ ਨੂੰ ਨੋਟਿਸ ਜਾਰੀ ਕਰਕੇ ਬਕਾਇਆ ਰਾਸ਼ੀ ਦੇਣ ਦੀ ਘੁਰਕੀ ਕੀਤੀ ਗਈ ਹੈ। ਹੁਣ ਇਸ ਵਿਵਾਦਿਤ ਮਸ਼ੀਨ ਦੀ ਅਦਾਲਤੀ ਕੇਸ ਵਾਲੀ ਫਾਈਲ ਹੀ ਭੇਤਭਰੀ ਹਾਲਤ ਵਿੱਚ ਗੁੰਮ ਹੋ ਗਈ ਹੈ।

ਇਸ ਸਬੰਧੀ ਆਰਟੀਆਈ ਕਾਰਕੁਨ ਅਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਅੱਜ ਮੁਹਾਲੀ ਨਿਗਮ ਦਫ਼ਤਰ ਵਿੱਚ ਕਮਿਸ਼ਨਰ-ਕਮ-ਪ੍ਰਸ਼ਾਸਕ ਕਮਲ ਕੁਮਾਰ ਗਰਗ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਮੁੱਚੇ ਮਾਮਲੇ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ। ਇਸੇ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ, ਵਧੀਕ ਮੁੱਖ ਸਕੱਤਰ ਅਤੇ ਡਾਇਰੈਕਟਰ ਨੂੰ ਵੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਦਫ਼ਤਰੀ ਰਿਕਾਰਡ ਗੁੰਮ ਹੋਣ ਬਾਰੇ ਐਫ਼ਆਈਆਰ ਵੀ ਦਰਜ ਕਰਵਾਈ ਜਾਵੇ। ਸ੍ਰੀ ਬੇਦੀ ਨੇ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਕੁੱਝ ਸਮਾਂ ਪਹਿਲਾਂ ਕਈ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਸੀ ਅਤੇ ਮਾਮਲੇ ਦੀ ਜਾਂਚ ਸਾਬਕਾ ਜੱਜ ਨੂੰ ਸੌਂਪੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਗੁੰਮ ਹੋਈ ਕੋਰਟ ਫਾਈਲ ਨਹੀਂ ਲੱਭੀ ਗਈ ਅਤੇ ਕਸੂਰਵਾਰ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਹਾਈ ਕੋਰਟ ਦਾ ਬੂਹਾ ਖੜਕਾਉਣਗੇ।

ਤਿੰਨ ਦਿਨਾਂ ਵਿੱਚ ਫਾਈਲ ਲੱਭਣ ਦੇ ਹੁਕਮ

ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਦਫ਼ਤਰੀ ਸਟਾਫ਼ ਨੂੰ ਤਿੰਨ ਦਿਨਾਂ ਦੇ ਅੰਦਰ ਗੁੰਮ ਹੋਈ ਅਦਾਲਤੀ ਕੇਸ ਵਾਲੀ ਫਾਈਲ ਲੱਭਣ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਫਾਈਲ ਨਹੀਂ ਮਿਲੀ ਤਾਂ ਸਬੰਧਤ ਬਰਾਂਚ ਦੇ ਅਮਲੇ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All