ਆਤਿਸ਼ ਗੁਪਤਾ
ਚੰਡੀਗੜ੍ਹ, 8 ਜੁਲਾਈ
ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਕਰਵਾਊਣ ਲਈ ਆਉਣ ਵਾਲੇ ਬਾਹਰੀ ਸੂਬਿਆਂ ਦੇ ਲੋਕ ਚੰਡੀਗੜ੍ਹ ਦੇ ਗਲਤ ਪਤੇ ਦੱਸ ਰਹੇ ਹਨ ਅਤੇ ਖੁਦ ਹੀ ਕੋਵਿਡ ਟੈਸਟ ਦੀ ਜਾਅਲੀ ਰਿਪੋਰਟ ਲਿਆ ਰਹੇ ਹਨ। ਇਸ ਸਬੰਧੀ ਪੀਜੀਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਕੋਵਿਡ-19 ਦੇ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਸ਼ਿਕਾਇਤ ਕੀਤੀ ਹੈ। ਯੂਟੀ ਦੇ ਪ੍ਰਸ਼ਾਸਕ ਨੇ ਪੀਜੀਆਈ ਡਾਇਰੈਕਟਰ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਪ੍ਰਮੁੱਖ ਸਕੱਤਰ (ਸਿਹਤ) ਅਰੁਣ ਕੁਮਾਰ ਗੁਪਤਾ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਯੂਟੀ ਪ੍ਰਸ਼ਾਸਨ ਗੁਆਂਢੀ ਸੂਬਿਆਂ ਨੂੰ ਆਦੇਸ਼ ਦੇ ਚੁੱਕਾ ਹੈ ਕਿ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਵਿੱਚ ਸੰਭਵ ਹੈ, ਉਨ੍ਹਾਂ ਨੂੰ ਪੀਜੀਆਈ ਵਿੱਚ ਰੈਫਰ ਨਾ ਕੀਤਾ ਜਾਵੇ।
ਕਰੋਨਾ ਸਕਰੀਨਿੰਗ ਸਟਾਫ਼ ਕੋਲ ਆਕਸੀਮੀਟਰ ਹੋਣਾ ਜ਼ਰੂਰੀ: ਕਰੋਨਾ ਮਹਾਮਾਰੀ ਦੌਰਾਨ ਪੀਪੀਈ ਕਿੱਟਾਂ ਸਬੰਧੀ ਪ੍ਰਸ਼ਾਸਕ ਸ੍ਰੀ ਬਦਨੌਰ ਨੇ ਪ੍ਰਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ ਨੂੰ ਆਦੇਸ਼ ਦਿੱਤੇ ਕਿ ਇਨ੍ਹਾਂ ਕਿੱਟਾਂ ਨੂੰ ਵਿਗਿਆਨਕ ਢੰਗ ਨਾਲ ਨਸ਼ਟ ਕਰਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਰੋਨੀ ਸਬੰਧੀ ਸਕਰੀਨਿੰਗ ਕਰਨ ਵਾਲੀ ਟੀਮ ਕੋਲ ਆਕਸੀਮੀਟਰ ਹੋਣਾ ਜ਼ਰੂਰੀ ਹੈ ਜਿਸ ਨਾਲ ਮਰੀਜ਼ ਦੇ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਦੀ ਜਾਂਚ ਕੀਤੀ ਜਾ ਸਕੇ ਅਤੇ ਇਸ ਨਾਲ ਮਰੀਜ਼ ਦੇ ਪੀੜਤ ਹੋਣ ਦਾ ਵੀ ਪਤਾ ਲੱਗ ਸਕੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸ਼ਹਿਰ ਵਿੱਚ 4 ਲੱਖ ਲੋਕਾਂ ਨੇ ਅਰੋਗਿਆ ਸੇਤੂ ਐਪ ਡਾਊਨਲੋਡ ਕੀਤਾ ਹੈ।
ਇਕ ਵੱਖਰੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਸਰਕਾਰੀ ਵਿਭਾਗਾਂ ਵਿੱਚ ਕਰੋਨਾ ਦੇ ਪਾਜ਼ੇਟਿਵ ਮਰੀਜ਼ ਪਾਏ ਜਾਣ ਤੋਂ ਬਾਅਦ ਯੂਟੀ ਦੇ ਪ੍ਰਸ਼ਾਸਕ ਵੱਲੋਂ ਸਰਕਾਰੀ ਅਤੇ ਗੈਰ-ਸਰਕਾਰੀ ਦਫ਼ਤਰਾਂ ਵਿੱਚ ਸੀਮਤ ਸਟਾਫ਼ ਬੁਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਅਤਿ ਦੀ ਜ਼ਰੂਰਤ ਸਮੇਂ ਹੀ ਘਰੋਂ ਬਾਹਰ ਜਾਣ ਦਾ ਸੁਝਾਅ ਦਿੱਤਾ ਗਿਆ ਹੈ ਅਤੇ ਬਾਹਰ ਨਿਕਲਣ ਸਮੇਂ ਮਾਸਕ ਜ਼ਰੂਰ ਪਹਿਨਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਕ ਨੇ ਯੂਟੀ ਪੁਲੀਸ ਨੂੰ ਵੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਬਾਪੂਧਾਮ ਕਲੋਨੀ ਕੰਟੇਨਮੈਂਟ ਜ਼ੋਨ ਵਿੱਚੋਂ ਬਾਹਰ
ਬਾਪੂਧਾਮ ਕਲੋਨੀ ਵਿੱਚ ਕਰੋਨਾ ਦੇ ਹੋਰ ਮਰੀਜ਼ ਨਾ ਮਿਲਣ ਕਾਰਨ ਪਾਕੇਟ ਨੰਬਰ 5 ਅਤੇ 16 ਨੂੰ ਵੀ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਗਿਆ ਹੈ। ਦੱਸਣਯੋਗ ਕਿ ਬਾਪੂਧਾਮ ਕਲੋਨੀ ਵਿੱਚ ਕਰੋਨਾ ਦੇ 300 ਦੇ ਕਰੀਬ ਕੇਸ ਆਉਣ ’ਤੇ ਯੂਟੀ ਪ੍ਰਸ਼ਾਸਨ ਵੱਲੋਂ ਇਸ ਕਲੋਨੀ ਨੂੰ ਸੀਲ ਕਰ ਦਿੱਤਾ ਗਿਆ ਸੀ ਪਰ ਕਰੋਨਾ ਕੇਸ ਖਤਮ ਹੋਣ ’ਤੇ ਪ੍ਰਸ਼ਾਸਨ ਨੇ ਕਲੋਨੀ ਵਿੱਚੋਂ ਪਾਬੰਦੀਆਂ ਹਟਾ ਲਈਆਂ ਹਨ।