ਕਰਮਜੀਤ ਸਿੰਘ ਚਿੱਲਾ
ਬਨੂੜ, 20 ਜਨਵਰੀ
ਪਿੰਡ ਨੰਡਿਆਲੀ ਦੇ ਟੋਭੇ ਵਿੱਚ ਅੱਜ ਸਵੇਰੇ ਦਰਜਨ ਦੇ ਕਰੀਬ ਪਰਵਾਸੀ ਪੰਛੀਆਂ ਦੀ ਮੌਤ ਹੋ ਗਈ। ਮਰਨ ਵਾਲੀਆਂ ਸਾਰੀਆਂ ਸਾਈਬੇਰੀਅਨ ਬੱਤਖਾਂ ਸਨ। ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ ਅਤੇ ਗੁਰਮੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਅੱਜ ਸਵੇਰੇ 10 ਵਜੇ ਪਿੰਡ ਦੇ ਛੱਪੜ ਨਜ਼ਦੀਕ ਖੜ੍ਹੇ ਗੱਲਾਂ ਕਰ ਰਹੇ ਸਨ। ਇਸ ਦੌਰਾਨ ਛੱਪੜ ਵਿਚ ਹਠਖੇਲੀਆਂ ਕਰਦੇ ਹੋਏ ਕੁਝ ਪੰਛੀ ਵੇਖਦੇ ਹੀ ਵੇਖਦੇ ਮਰਨ ਲੱਗ ਪਏ। ਇਸ ਦੌਰਾਨ ਸਰਪੰਚ ਮੁਖਤਿਆਰ ਸਿੰਘ ਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਟੋਭੇ ’ਤੇ ਪਹੁੰਚ ਗਏ ਤੇ ਪਿੰਡ ਵਾਸੀਆਂ ਨੇ ਪੰਛੀਆਂ ਨੂੰ ਮਰਨੋਂ ਬਚਾਉਣ ਲਈ ਟੋਭੇ ਦੇ ਪਾਣੀ ਵਿੱਚੋਂ ਵੱਟੇ ਮਾਰ ਕੇ ਉਡਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਦਰਜਨ ਦੇ ਕਰੀਬ ਪੰਛੀ ਉਨ੍ਹਾਂ ਦੇ ਸਾਹਮਣੇ ਹੀ ਤੜਫ-ਤੜਫ ਕੇ ਮਰ ਗਏ।
ਕਿਸਾਨ ਆਗੂ ਨੇ ਪੰਛੀਆਂ ਦੀ ਮੌਤ ਸਬੰਧੀ ਮੁਹਾਲੀ ਦੇ ਐੱਸਡੀਐਮ ਤੇ ਹੋਰਨਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਤੁਰੰਤ ਪਸ਼ੂ ਹਸਪਤਾਲ ਬਨੂੜ ਦੇ ਵੈਟਨਰੀ ਅਫ਼ਸਰ ਡਾ. ਮੁਨੀਸ਼ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੂੰ ਮੌਕੇ ’ਤੇ ਭੇਜਿਆ। ਟੀਮ ਨੇ ਇੱਕ ਮ੍ਰਿਤਕ ਪੰਛੀ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਬਾਕੀਆਂ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜ਼ਮੀਨ ਵਿੱਚ ਟੋਆ ਪੁਟ ਕੇ ਦਬਾ ਦਿੱਤਾ। ਡਾ. ਮਨੀਸ਼ ਨੇ ਦੱਸਿਆ ਕਿ ਮ੍ਰਿਤਕ ਪੰਛੀ ਨੂੰ ਜੰਗਲੀ ਜੀਵ ਵਿਭਾਗ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਂਪਲ ਦੀ ਰਿਪੋਰਟ ਮਗਰੋਂ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਇਸੇ ਦੌਰਾਨ ਟੋਭੇ ਦੇ ਇੱਕ ਪਾਸਿਉਂ ਟੀਮ ਨੂੰ ਦਵਾਈ ਮਿਲਾ ਕੇ ਸੁੱਟੇ ਹੋਏ ਚਾਵਲ ਵੀ ਮਿਲੇ ਹਨ। ਟੀਮ ਨੂੰ ਸ਼ੱਕ ਹੈ ਕਿ ਇਨ੍ਹਾਂ ਚਾਵਲਾਂ ਨੂੰ ਖਾਣ ਮਗਰੋਂ ਹੀ ਪੰਛੀਆਂ ਦੀ ਮੌਤ ਹੋਈ ਹੈ। ਉਨ੍ਹਾਂ ਚਾਵਲਾਂ ਨੂੰ ਜਾਂਚ ਲਈ ਕਬਜ਼ੇ ਵਿੱਚ ਲਿਆ ਹੈ। ਨੰਡਿਆਲੀ ਦੇ ਇਸ ਟੋਭੇ ਵਿੱਚ ਮੋਟੇਮਾਜਰਾ ਦੀ ਢਾਬ ਵਿੱਚੋਂ ਵੱਡੀ ਗਿਣਤੀ ਵਿੱਚ ਪਰਵਾਸੀ ਪੰਛੀ ਆਉਂਦੇ ਹਨ।