ਚੰਡੀਗੜ੍ਹ ’ਚ ਮੀਂਹ ਪੈਣ ਕਾਰਨ ਪਾਰਾ ਡਿੱਗਿਆ
ਚੰਡੀਗਡ਼੍ਹ ’ਚ 5 ਐੱਮ ਐੱਮ ਮੀਂਹ ਪਿਆ; ਤਾਪਮਾਨ 5.4 ਡਿਗਰੀ ਸੈਲਸੀਅਸ ਡਿੱਗਿਆ
ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ ਪਰ ਇਹ ਮੀਂਹ ਕਿਸਾਨਾਂ ਲਈ ਘਾਤਕ ਸਾਬਤ ਹੋ ਰਿਹਾ ਹੈ। ਮੀਂਹ ਕਰ ਕੇ ਖੇਤਾਂ ਵਿੱਚ ਕਿਸਾਨਾਂ ਦੀ ਫ਼ਸਲਾਂ ਡਿੱਗ ਗਈਆਂ ਹਨ, ਜਦੋਂ ਕਿ ਮੰਡੀਆਂ ਵਿੱਚ ਵੀ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸ਼ਹਿਰ ਵਿੱਚ ਸਵੇਰੇ ਤੋਂ ਹੀ ਕਿਣ-ਮਿਣ ਹੁੰਦੀ ਰਹੀ ਪਰ ਬਾਅਦ ਦੁਪਹਿਰ ਅਚਾਨਕ ਮੌਸਮ ਨੇ ਮਿਜ਼ਾਜ ਬਦਲ ਲਿਆ ਤੇ ਤੇਜ਼ ਮੀਂਹ ਪਿਆ। ਇਹ ਮੀਂਹ ਦੇਰ ਰਾਤ ਤੱਕ ਜਾਰੀ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਮੀਂਹ 5 ਐੱਮ ਐੱਮ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦਾ ਤਾਪਮਾਨ ਆਮ ਨਾਲੋਂ 5.4 ਡਿਗਰੀ ਤੱਕ ਤਾਪਮਾਨ ਹੇਠਾਂ ਡਿੱਗ ਗਿਆ।
ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 27.6 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 18.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ 8 ਅਪਰੈਲ ਨੂੰ ਵੀ ਮੌਸਮ ਖਰਾਬ ਰਹਿਣ ਦੀ ਚਿਤਾਵਨੀ ਦਿੱਤੀ ਹੈ। ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਨੇ 8 ਅਪਰੈਲ ਲਈਂ ਔਰੇਂਜ ਅਲਰਟ ਜਾਰੀ ਕੀਤਾ ਹੈ।
ਬੇਮੌਸਮੇ ਮੀਂਹ ਨਾਲ ਕਣਕ ਦੀ ਵਾਢੀ ਤੇ ਖ਼ਰੀਦ ਬੰਦ
ਐੱਸ ਏ ਐੱਸ ਨਗਰ (ਮੁਹਾਲੀ)/ਮੁੱਲਾਂਪੁਰ ਗਰੀਬਦਾਸ (ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ): ਬੇਮੌਸਮੇ ਮੀਂਹ ਨੇ ਕਣਕ ਦੇ ਆਰੰਭ ਹੋਏ ਕੰਮ ਨੂੰ ਬਰੇਕ ਲਾ ਦਿੱਤੀ ਹੈ। ਮੰਡੀਆਂ ਵਿਚ ਵੀ ਅੱਜ ਕਣਕ ਦੀ ਆਮਦ ਨਾਮਾਤਰ ਹੀ ਹੋਈ। ਮੀਂਹ ਕਾਰਨ ਕਿਸਾਨਾਂ ਦੇ ਖੇਤਾਂ ਵਿਚ ਚੱਲਦੀਆਂ ਕੰਬਾਈਨਾਂ ਅਤੇ ਪਰਵਾਸੀ ਮਜ਼ਦੂਰਾਂ ਵੱਲੋਂ ਹੱਥਾਂ ਨਾਲ ਕੱਟੀ ਜਾ ਰਹੀ ਕਣਕ ਦਾ ਕੰਮ ਬੰਦ ਹੋ ਗਿਆ ਹੈ। ਬਨੂੜ ਦੀ ਮੰਡੀ ਵਿਚ 8689 ਕੁਵਿੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਬਨੂੜ ਮੰਡੀ ਵਿਚ ਇੱਕ ਹਜ਼ਾਰ ਕੁਵਿੰਟਲ ਦੇ ਕਰੀਬ ਕਣਕ ਅਣਵਿਕੀ ਪਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਤਾਜ਼ਾ ਮੀਂਹ ਨਾਲ ਘੱਟੋ-ਘੱਟ ਤਿੰਨ ਚਾਰ ਦਿਨ ਕਣਕ ਦੀ ਵਾਢੀ ਦਾ ਕੰਮ ਪ੍ਰਭਾਵਿਤ ਰਹੇਗਾ। ਇਸੇ ਦੌਰਾਨ ਹਨੇਰੀ ਕਾਰਨ ਮੁੱਲਾਂਪੁਰ ਗਰੀਬਦਾਸ ਨੇੜਲੇ ਪਿੰਡਾਂ ਕੰਸਾਲਾ ਤੇ ਤਕੀਪੁਰ ਦੇ ਖੇਤਾਂ ’ਚ ਕਣਕ ਦੀ ਫਸਲ ਜ਼ਮੀਨ ’ਤੇ ਵਿਛ ਗਈ ਜਿਸ ਕਾਰਨ ਵਾਢੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

