ਨਗਰ ਕੀਰਤਨ ਦੇ ਸਵਾਗਤ ਲਈ ਮੀਟਿੰਗ
ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਤਹਿਤ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਏ ਸ਼ਹੀਦੀ ਨਗਰ ਕੀਰਤਨ ਦੇ ਸਵਾਗਤ ਲਈ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਟੌਹੜਾ ਦੀ ਅਗਵਾਈ ਵਿੱਚ ਗੁਰਦੁਆਰਾ ਤਾਲਮੇਲ ਕਮੇਟੀ ਤੇ ਸਿੱਖ ਆਗੂਆਂ ਦੀ ਮੀਟਿੰਗ ਹੋਈ।
ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਸ਼ਹੀਦੀ ਨਗਰ ਕੀਰਤਨ 19 ਨਵੰਬਰ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਪਹੁੰਚੇਗਾ, ਜੋ ਕਿ ਰਾਤ ਵਿਸ਼ਰਾਮ ਕਰਨ ਉਪਰੰਤ 20 ਨਵੰਬਰ ਸਵੇਰੇ 10 ਵਜੇ ਆਰੰਭ ਹੋ ਕੇ ਮੁਹਾਲੀ ਮਾਰਕੀਟ ਫੇਜ਼ 7, ਗੁਰੂਦੁਆਰਾ ਸਾਚਾ ਧੰਨ, 3/5 ਦੀਆਂ ਲਾਈਟਾਂ, ਰਾਧਾ ਸੁਆਮੀ ਚੌਕ ਤੋਂ ਗੁਰਦੁਆਰਾ ਮਾਤਾ ਸੁੰਦਰੀ ਜੀ ਸੈਕਟਰ 70, ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ, ਗੁਰਦੁਆਰਾ ਅਕਾਲ ਆਸ਼ਰਮ, ਸੈਕਟਰ 91, ਲਾਂਡਰਾਂ ਤੋਂ ਹੁੰਦਾ ਹੋਇਆ ਸ੍ਰੀ ਫਤਹਿਗੜ੍ਹ ਸਾਹਿਬ ਲਈ ਰਵਾਨਾ ਹੋਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਰਮਜੀਤ ਕੌਰ ਲਾਡਰਾ ਤੇ ਅਜਮੇਰ ਸਿੰਘ ਖੇੜਾ, ਪਰਮਜੀਤ ਸਿੰਘ ਕਾਹਲੋਂ, ਕੁਲਦੀਪ ਕੌਰ ਕੰਗ, ਹਰਮਨਪ੍ਰੀਤ ਸਿੰਘ ਪ੍ਰਿੰਸ, ਕਮਲਜੀਤ ਸਿੰਘ ਰੂਬੀ, ਮਨਜੀਤ ਸਿੰਘ ਮਾਨ, ਕਰਮ ਸਿੰਘ ਬੱਬਰਾ, ਪ੍ਰਦੀਪ ਸਿੰਘ ਭਾਰਜ, ਪ੍ਰੀਤਮ ਸਿੰਘ, ਜਗਦੀਸ਼ ਸਿੰਘ ਸਰਾਉ ਆਦਿ ਹਾਜ਼ਰ ਸਨ।
