ਸਫ਼ਾਈ ਮਜ਼ਦੂਰਾਂ ਤੇ ਅਧਿਕਾਰੀਆਂ ਦੀ ਮੀਟਿੰਗ ਬੇਸਿੱਟਾ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 1 ਜੁਲਾਈ
ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਦੀ ਅਗਵਾਈ ਹੇਠਲੇ ਗਰੁੱਪ ਦੇ ਨਗਰ ਨਿਗਮ ਮੁਹਾਲੀ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਨਗਰ ਨਿਗਮ ਦਫ਼ਤਰ ਸਾਹਮਣੇ ਮੀਂਹ ਦੇ ਬਾਵਜੂਦ ਸਫ਼ਾਈ ਕਰਮਚਾਰੀ ਇਕੱਤਰ ਹੋਏ ਅਤੇ ਉਨ੍ਹਾਂ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਸਫ਼ਾਈ ਸੇਵਕਾਂ ਵੱਲੋਂ ਵਿਧਾਇਕ ਅਤੇ ਮੇਅਰ ਦੇ ਘਰਾਂ ਅੱਗੇ ਕੂੜਾ ਸੁੱਟਣ ਦਾ ਐਲਾਨ ਦੋ ਦਿਨਾਂ ਲਈ ਅੱਗੇ ਪਾ ਦਿੱਤਾ ਗਿਆ।
ਮੁਹਾਲੀ ਪ੍ਰਸ਼ਾਸ਼ਨ ਵੱਲੋਂ ਏਡੀਸੀ, ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਵੀ ਸਫ਼ਾਈ ਕਰਮਚਾਰੀਆਂ ਦੇ ਵਫ਼ਦ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਆਖੀ। ਇਸ ਮਗਰੋਂ ਸਫ਼ਾਈ ਸੇਵਕਾਂ ਵੱਲੋਂ ਵਿਧਾਇਕ ਅਤੇ ਮੇਅਰ ਦੇ ਘਰਾਂ ਅੱਗੇ ਕੂੜਾ ਸੁੱਟਣ ਦਾ ਐਲਾਨ ਦੋ ਦਿਨਾਂ ਲਈ ਅੱਗੇ ਪਾ ਦਿੱਤਾ ਪਰ ਉਨ੍ਹਾਂ ਹੜਤਾਲ ਖ਼ਤਮ ਕਰਨ ਤੋਂ ਜਵਾਬ ਦੇ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਫੈੱਡਰੇਸ਼ਨ ਦੇ ਆਗੂਆਂ ਮੋਹਣ ਸਿੰਘ, ਪਵਨ ਗੋਡਯਾਲ, ਸੋਭਾ ਰਾਮ, ਰਾਜਨ ਚਾਵਰੀਆ, ਯਸ਼ਪਾਲ ਨੇ ਆਖਿਆ ਕਿ ਜੇ ਦੋ ਦਿਨਾਂ ਦੌਰਾਨ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵਾਲਮੀਕਿ ਸਮਾਜ ਦੀ ਮੱਦਦ ਨਾਲ ਵੱਡੀ ਇਕੱਤਰਤਾ ਕਰ ਕੇ ਅਗਲੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।
ਡਿਪਟੀ ਮੇਅਰ ਨੇ ਮੰਗਿਆ ਮੁੱਖ ਸਕੱਤਰ ਦਾ ਦਖ਼ਲ
ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਖ਼ਤਮ ਕਰਵਾਉਣ ਲਈ ਨਿੱਜੀ ਪੱਧਰ ’ਤੇ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਗਮਾਡਾ ਦੇ ਚੇਅਰਮੈਨ ਹੋਣ ਵਜੋਂ ਨਗਰ ਨਿਗਮ ਦਾ ਕੂੜਾ ਡੰਪ ਕਰਨ ਲਈ ਥਾਂ ਦਿਵਾਉਣ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਆਰਐੱਮਸੀ ਪੁਆਇੰਟਾਂ ਉੱਤੇ ਅਤੇ ਉਨ੍ਹਾਂ ਦੇ ਬਾਹਰ ਕੂੜੇ ਦੀ ਬਦਬੂ ਫੈਲ ਰਹੀ ਹੈ। ਉਨ੍ਹਾਂ ਤੁਰੰਤ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ।