ਆਤਿਸ਼ ਗੁਪਤਾ
ਚੰਡੀਗੜ੍ਹ, 24 ਸਤੰਬਰ
ਚੰਡੀਗੜ੍ਹ ਵੈੱਲਫੇਅਰ ਟਰੱਸਟ ਵੱਲੋਂ ਸੈਕਟਰ-39 ਸਥਿਤ ਅਨਾਜ ਮੰਡੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਮੈਗਾ ਮਲਟੀਸਪੈਸ਼ਲਟੀ ਹੈਲਥ ਕੈਂਪ ਲਾਇਆ ਗਿਆ ਗਿਆ। ਇਸ ਕੈਂਪ ’ਚ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਖੇਤਰਾਂ ਦੇ 20,000 ਤੋਂ ਵੱਧ ਲੋਕਾਂ ਨੇ ਮੁਫਤ ਮੈਡੀਕਲ ਚੈਕਅੱਪ ਕਰਵਾਇਆ। ਕੈਂਪ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਕੀਤਾ। ਇਸ ਮੌਕੇ ਟਰੱਸਟ ਦੇ ਸੰਸਥਾਪਕ ਸਤਨਾਮ ਸਿੰਘ ਸੰਧੂ, ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਭਾਜਪਾ ਪ੍ਰਧਾਨ ਅਰੁਣ ਸੂਦ, ਸਾਬਕਾ ਸੰਸਦ ਮੈਂਬਰ ਸੱਤਿਆ ਪਾਲ ਜੈਨ, ਮੇਅਰ ਅਨੂਪ ਗੁਪਤਾ, ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਤੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲੇ ਸ਼ਾਮਲ ਸਨ।
ਇਸ ਮੌਕੇ ਯੂਟੀ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਚੰਡੀਗੜ੍ਹ ਵੈੱਲਫੇਅਰ ਟਰੱਸਟ ਵੱਲੋਂ ਮੈਡੀਕਲ ਕੈਂਪ ਲਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਮੈਂ, ਆਪਣੀ 50 ਸਾਲਾਂ ਦੀ ਜਨਤਕ ਸੇਵਾ ਦੌਰਾਨ ਕਈ ਸਿਹਤ ਕੈਂਪਾਂ ਦਾ ਹਿੱਸਾ ਰਿਹਾ ਹਾਂ ਪਰ ਅੱਜ ਦਾ ਮੈਗਾ ਹੈਲਥ ਕੈਂਪ ਆਪਣੀ ਕਿਸਮ ਦਾ ਪਹਿਲਾ ਤੇ ਵਿਲੱਖਣ ਕੈਂਪ ਹੈ। ਇਸ ਮੈਗਾ ਹੈਲਥ ਕੈਂਪ ਨੇ ਦੇਸ਼ ਭਰ ਦੀਆਂ ਚੋਟੀ ਦੀਆਂ ਸੁਵਿਧਾਵਾਂ ਨੂੰ ਇੱਕ ਛੱਤ ਹੇਠ ਲਿਆਂਦਾ ਹੈ।’’ ਕੈਂਪ ਦੌਰਾਨ 350 ਦੇ ਕਰੀਬ ਲੋੜਵੰਦ ਦਿਵਿਆਂਂਗਾਂ ਨੂੰ ਮਸਨੂਈ ਅੰਗ ਫਿੱਟ ਕੀਤੇ ਗਏ, 300 ਲੋਕਾਂ ਦੀ ਵੱਖ-ਵੱਖ ਕਿਸਮ ਦੇ ਕੈਂਸਰਾਂ ਦੀ ਜਾਂਚ ਕੀਤੀ ਗਈ, 5000 ਸੈਨੀਟੇਸ਼ਨ ਵਰਕਰਾਂ ਦਾ ਹੈਪੇਟਾਈਟਸ-ਬੀ ਦਾ ਟੀਕਾਕਰਨ ਕੀਤਾ ਗਿਆ, 2200 ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ, 1500 ਨਜ਼ਰ ਦੀਆਂ ਐਨਕਾਂ ਵੰਡ ਗਈਆਂ ਅਤੇ 8000 ਦਵਾਈਆਂ ਦੀਆਂ ਕਿੱਟਾਂ ਵੰਡੀਆਂ ਗਈਆਂ। ਕੈਂਪ ਦੌਰਾਨ ਹਰ ਉਮਰ ਵਰਗ ਲਈ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ 26 ਮੈਡੀਕਲ ਐਸੋਸੀਏਸ਼ਨਾਂ, ਹਸਪਤਾਲਾਂ ਅਤੇ ਸੰਸਥਾਵਾਂ ਨੇ ਮੁਫਤ ਮੈਗਾ ਸਿਹਤ ਕੈਂਪ ਲਈ ਸਹਿਯੋਗ ਕੀਤਾ ਸੀ। ਕੈਂਪ ਵਿੱਚ 500 ਤੋਂ ਵੱਧ ਡਾਕਟਰਾਂ ਤੇ 1200 ਪੈਰਾ ਮੈਡੀਕਲ ਸਟਾਫ ਤੇ ਵਾਲੰਟੀਅਰਾਂ ਨੇ ਸੇਵਾਵਾਂ ਦਿੱਤੀਆਂ।
ਸੇਵਾ ਪੰਦਰਵਾੜਾ: ਭਾਜਪਾ ਨੇ ਛੇ ਮੈਡੀਕਲ ਕੈਂਪ ਲਾਏ
ਚੰਡੀਗੜ੍ਹ: ਚੰਡੀਗੜ੍ਹ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸੇਵਾ ਪੰਦਰਵਾੜਾ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਅੱਜ ਭਾਜਪਾ ਨੇ ਸ਼ਹਿਰ ’ਚ 6 ਥਾਵਾਂ ’ਤੇ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ। ਕੈਂਪ ’ਚ ਪੀਜੀਆਈ, ਸੈਕਟਰ-16 ਤੇ 32 ਹਸਪਤਾਲ ਅਤੇ ਹੋਰ ਪ੍ਰਾਈਵੇਟ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈਕਅੱਪ ਕੀਤਾ ਤੇ ਮੁਫ਼ਤ ਡਾਕਟਰੀ ਸਲਾਹ ਅਤੇ ਦਵਾਈਆਂ ਦਿੱਤੀਆਂ। ਭਾਜਪਾ ਮੈਡੀਕਲ ਸੈੱਲ ਦੇ ਕਨਵੀਨਰ ਪ੍ਰਿੰਸ ਭੰਡੂਲਾ ਨੇ ਕਿਹਾ ਕਿ ਇਹ ਮੈਡੀਕਲ ਕੈਂਪ ਸ਼ਿਵ ਮੰਦਰ ਸੈਕਟਰ 52, ਸ਼ਿਵ ਮੰਦਰ ਰਾਮ ਦਰਬਾਰ, ਈਡਬਲਿਊਐਸ ਕਮਿਊਨਿਟੀ ਸੈਂਟਰ ਮਲੋਆ, ਠਾਕੁਰਦਾਵਾਰਾ ਕਮਿਊਨਿਟੀ ਸੈਂਟਰ ਮਨੀਮਾਜਰਾ, ਤਾਮਿਲ ਭਾਰਤੀ ਭਵਨ ਸੈਕਟਰ 30, ਤ੍ਰਿਵੇਣੀ ਮੰਦਰ ਸੈਕਟਰ 7 ਵਿੱਚ ਲਾਏ ਗਏ ਸਨ।