ਮੇਅਰ ਵੱਲੋਂ ‘ਪਲਾਸਟਿਕ ਮੁਕਤ ਚੰਡੀਗੜ੍ਹ’ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ
ਚੰਡੀਗੜ੍ਹ, 5 ਜੂਨ
ਨਗਰ ਨਿਗਮ ਚੰਡੀਗੜ੍ਹ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਨੂੰ ਮਨਾਉਣ ਲਈ ‘ਪਲਾਸਟਿਕ ਮੁਕਤ ਚੰਡੀਗੜ੍ਹ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੀ ਅਧਿਕਾਰਤ ਸ਼ੁਰੂਆਤ ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਨਿਗਮ ਕਮਿਸ਼ਨਰ ਅਮਿਤ ਕੁਮਾਰ, ਆਈਏਐੱਸ, ਏਰੀਆ ਕੌਂਸਲਰ ਦਲੀਪ ਸ਼ਰਮਾ, ਸੰਯੁਕਤ ਕਮਿਸ਼ਨਰ ਹਿਮਾਂਸ਼ੂ ਗੁਪਤਾ, ਐੱਸਬੀਐੱਮ ਬ੍ਰਾਂਡ ਅੰਬੈਸਡਰ ਪਰਵੀਨ ਦੁੱਗਲ ਅਤੇ ਸੈਕਟਰ 26 ਮੰਡੀ ਦੇ ਪ੍ਰਮੁੱਖ ਵਿਅਕਤੀਆਂ ਦੀ ਮੌਜੂਦਗੀ ਵਿੱਚ ਕੀਤੀ। ਸੈਕਟਰ 26 ਦੀ ਮੰਡੀ ਵਿੱਚੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਮਕਸਦ ਇਹ ਮੰਨਿਆ ਗਿਆ ਕਿ ਵੱਡੀ ਮੰਡੀ ਹੋਣ ਕਰਕੇ ਇੱਥੋਂ ਪਲਾਸਟਿਕ ਦੀ ਵਰਤੋਂ ਕਾਫੀ ਹੁੰਦੀ ਹੈ ਅਤੇ ਇਸ ਮੰਡੀ ਵਿੱਚ ਜਾਗਰੂਕਤਾ ਫੈਲਾਉਣੀ ਕਾਫੀ ਜ਼ਰੂਰੀ ਹੈ। ਇਸ ਮੁਹਿੰਮ ਤਹਿਤ ਮੰਡੀ ਵਿੱਚ ਮੇਅਰ ਨੇ ਇੱਕ ‘ਕੱਪੜਾ ਬੈਗ ਏਟੀਐੱਮ’ ਦਾ ਉਦਘਾਟਨ ਵੀ ਕੀਤਾ। ਐੱਨਜੀਓ ਆਈ-ਹੇਟ ਪੌਲੀਥੀਨ ਵੱਲੋਂ ਲਗਾਈ ਗਈ ਇਹ ਮਸ਼ੀਨ ਵਾਤਾਵਰਨ-ਅਨੁਕੂਲ ਕੱਪੜੇ ਦੇ ਬੈਗ 10 ਰੁਪਏ ਦੀ ਮਾਮੂਲੀ ਕੀਮਤ ’ਤੇ ਵੰਡਦੀ ਹੈ। ਮੇਅਰ ਅਤੇ ਕਮਿਸ਼ਨਰ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ‘ਪਲਾਸਟਿਕ ਮੁਕਤ ਚੰਡੀਗੜ੍ਹ’ ਪਹਿਲਕਦਮੀ ਦਾ ਸਮਰਥਨ ਕਰਨ ਤਾਂ ਜੋ ਚੰਡੀਗੜ੍ਹ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਇਆ ਜਾ ਸਕੇ।
ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ
ਚੰਡੀਗੜ੍ਹ: ਵਿਸ਼ਵ ਵਾਤਾਵਰਨ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਲਾਹੌਰਾ ਚੰਡੀਗੜ੍ਹ ਵਿੱਚ ਪ੍ਰਿੰਸੀਪਲ ਕੁਲਦੀਪ ਸਿੰਘ ਬਾਠ ਦੀ ਅਗਵਾਈ ਹੇਠ ਅਸ਼ੋਕਾ ਈਕੋ ਕਲੱਬ ਵੱਲੋਂ ਬੂਟੇ ਲਗਾਏ ਗਏ। ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਅਤੇ ਸਥਾਨਕ ਵਾਰਡ ਨੰਬਰ 1 ਦੇ ਕੌਂਸਲਰ ਜਸਵਿੰਦਰ ਕੌਰ ਸਮੇਤ ਸਾਬਕਾ ਸਰਪੰਚ ਅਤੇ ਰਾਕੇਸ਼ ਸ਼ਰਮਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਕੌਂਸਲਰ ਬੁਟੇਰਲਾ ਨੇ ਬੱਚਿਆਂ ਵੱਲੋਂ ਪਲਾਸਟਿਕ ਦੇ ਕੂੜੇ ਤੋਂ ਬਣਾਈਆਂ ਗਈਆਂ ਵੱਖ-ਵੱਖ ਕਲਾਤਮਕ ਕਲਾਕ੍ਰਿਤੀਆਂ ਦੇਖੀਆਂ ਅਤੇ ਬੱਚਿਆਂ ਨੂੰ ਪਲਾਸਟਿਕ ਦੇ ਨੁਕਸਾਨਦੇਹ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਕੌਂਸਲਰ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਆ। ਪ੍ਰੋਗਰਾਮ ਵਿੱਚ ਈਕੋ ਕਲੱਬ ਇੰਚਾਰਜ ਸੰਜੀਬ ਕੁਮਾਰ, ਐੱਨ.ਐੱਸ.ਐੱਸ. ਨੋਡਲ ਅਫਸਰ ਰਮੇਸ਼ ਕੁਮਾਰ, ਹਰਪ੍ਰੀਤ ਕੌਰ ਅਤੇ ਐਨ.ਐਸ.ਐਸ. ਵਲੰਟੀਅਰਾਂ ਨੇ ਮੈਡਮ ਹਰਜੀਤ ਕੁਮਾਰੀ, ਸੰਜੀਤਾ ਅਤੇ ਪ੍ਰਵੀਨ ਕੁਮਾਰੀ, ਸ਼ਬਨਮ ਅਤੇ ਧਰਮ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।