ਪੰਚਕੂਲਾ ਵਿੱਚ ਮਾਤਾ ਮਨਸਾ ਦੇਵੀ ਮੇਲਾ ਊਤਸ਼ਾਹ ਨਾਲ ਸ਼ੁਰੂ

ਪੰਚਕੂਲਾ ਵਿੱਚ ਮਾਤਾ ਮਨਸਾ ਦੇਵੀ ਮੇਲਾ ਊਤਸ਼ਾਹ ਨਾਲ ਸ਼ੁਰੂ

ਮਾਤਾ ਮਨਸਾ ਦੇਵੀ ਮੰਦਰ ਵਿੱਚ ਸ਼ੁਰੂ ਹੋਏ ਮੇਲੇ ਦੇ ਪਹਿਲੇ ਦਿਨ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ ਕਤਾਰ ’ਚ ਖੜ੍ਹ ਕੇ ਵਾਰੀ ਦੀ ਊਡੀਕ ਕਰਦੇ ਹੋਏ। -ਫੋਟੋ: ਵਿੱਕੀ ਘਾਰੂ

ਪੀ.ਪੀ. ਵਰਮਾ

ਪੰਚਕੂਲਾ 17, ਅਕਤੂਬਰ

ਪੰਚਕੂਲਾ ਸਥਿਤ ਮਾਤਾ ਮਨਸਾ ਦੇਵੀ ਮੇਲਾ ਅੱਜ ਭਾਰੀ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਅੱਜ ਸਵੇਰੇ ਹੀ 4 ਵਜੇ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਪੂਜਾ ਸਥੱਲ ਦੇ ਸੀਈਓ ਐੱਮ.ਐੱਸ. ਯਾਦਵ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਮੱਥਾ ਟੇਕਣ ਲਈ 8000 ਸ਼ਰਧਾਲੂਆਂ ਨੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਜਦਕਿ ਕਿ ਕਾਲਕਾ ਦੇ ਕਾਲੀ ਮਾਤਾ ਮੰਦਰ ਦੇ ਦਰਸ਼ਨਾਂ ਲਈ 4000 ਸ਼ਰਧਾਲੂਆਂ ਨੇ ਰਜਿਸਟਰੇਸ਼ਨ ਕਰਵਾਈ। ਕਾਲਕਾ ਦਾ ਕਾਲੀ ਮਾਤਾ ਮੰਦਰ ਵੀ ਮਾਤਾ ਮਨਸਾ ਦੇਵੀ ਪੂਜਾ ਸਥੱਲ ਬੋਰਡ ਅਧੀਨ ਆਊਂਦਾ ਹੈ।

ਸ੍ਰੀ ਯਾਦਵ ਨੇ ਦੱਸਿਆ ਕਿ ਕਿ ਆਨਲਾਈਨ ਰਜਿਸਟਰੇਸ਼ਨ ਕਰਵਾ ਕੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ। ਅੱਜ ਪਹਿਲੇ ਦਿਨ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਮਾਤਾ ਮਨਸਾ ਦੇਵੀ ਮੰਦਰ ਵਿਖੇ ਮੱਥਾ ਟੇਕਿਆ ਅਤੇ ਮੰਦਰ ਕੰਪਲੈਕਸ ਦੇ ਯੱਗ ਭਵਨ ’ਚ ਜਾ ਕੇ ਸ਼ਤ ਚੰਡੀ ਯੱਗ ਸ਼ੁਰੂ ਕਰਵਾਏ ਅਤੇ ਮੰਦਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੁਜਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ 18 ਅਫ਼ਸਰਾਂ ਨੂੰ ਪ੍ਰੋਟੋਕੋਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਜਦਕਿ ਮੁੱਖ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਮਨੀਤਾ ਮਲਿਕ ਨੂੰ ਨਿਯੁਕਤ ਕੀਤਾ ਗਿਆ ਹੈ। ਪੰਚਕੂਲਾ ਪੁਲੀਸ ਨੇ ਮੇਲੇ ਦੇ ਮੱਦੇਨਜ਼ਰ 15 ਨਾਕੇ ਲਗਾਏ ਹੋਏ ਹਨ। ਮੇਲੇ ਵਿੱਚ ਥਾਂ-ਥਾਂ ’ਤੇ ਹਰਿਆਣਾ ਪੁਲੀਸ ਅਤੇ ਹੋਮਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਮੇਲੇ ਵਿੱਚ ਥਰਮਲ ਸਕਰੀਨਿੰਗ ਤੇ ਸਵੱਛਤਾ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਫੇਸਬੁੱਕ ਅਤੇ ਯੂਟਿਊਬ ਉੱਤੇ ਲਾਈਵ ਆਰਤੀ ਦਿਖਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਇਸ ਵਾਰ ਮੇਲੇ ਵਿੱਚ ਭੰਡਾਰਿਆਂ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਨਾ ਹੀ ਭਜਨ ਸੰਧਿਆਵਾਂ ਕਰਵਾਈਆਂ ਜਾ ਰਹੀਆਂ ਹਨ। ਸ਼ਰਧਾਲੂਆਂ ਦੀ ਈ-ਟਿਕਟ ਦੇਖ ਕੇ ਹੀ ਊਨ੍ਹਾਂ ਨੂੰ ਮੰਦਰ ਵਿੱਚ ਪ੍ਰਵੇਸ਼ ਦਿੱਤਾ ਜਾਂਦਾ ਹੈ। ਮੇਲੇ ਵਿੱਚ ਵੀਆਈਪੀ ਤੇ ਵੀਵੀਆਈਪੀ ਪਾਸਾਂ ਦਾ ਕੋਈ ਪ੍ਰਬੰਧ ਨਹੀਂ ਹੈ। ਮੰਦਰ ਕੰਪਲੈਕਸ ਦੀਆਂ ਮੁੱਖ ਪੌੜੀਆਂ ਸ਼ੁਰੂ ਹੁੰਦੇ ਹੀ ਲੋਕ ਸੰਪਰਕ ਵਿਭਾਗ ਨੇ ਆਪਣਾ ਸੂਚਨਾ ਕੇਂਦਰ ਬਣਾਇਆ ਹੋਇਆ ਹੈ।

ਪੂਜਾ ਸਥੱਲ ਬੋਰਡ ਵੱਲੋਂ ਮਾਤਾ ਮਨਸਾ ਦੇਵੀ ਕੰਪਲੈਕਸ ਦੇ ਨਾਲ ਆਸਪਾਸ ਦੇ ਮੰਦਰਾਂ ਨੂੰ ਵੀ ਲਾਈਟਾਂ ਨਾਲ ਸਜਾਇਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All