ਮਾਰਚ ਕੱਢ ਕੇ ਮਨਾਇਆ ‘ਕਿਸਾਨ ਮਹਿਲਾ ਦਿਵਸ’

ਚੰਡੀਗੜ੍ਹ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢ ਕੇ ਕਿਸਾਨ ਅੰਦੋਲਨ ਨੂੰ ਦਿੱਤੀ ਹਮਾਇਤ

ਮਾਰਚ ਕੱਢ ਕੇ ਮਨਾਇਆ ‘ਕਿਸਾਨ ਮਹਿਲਾ ਦਿਵਸ’

ਪੰਚਕੂਲਾ ਦੇ ਚੰਡੀ ਮੰਦਰ ਟੌਲ ਪਲਾਜ਼ਾ ’ਤੇ ਖੇਤੀ ਕਾਨੂੰਨ ਵਾਪਸ ਕਰੳਾਉਣ ਦੀ ਮੰਗ ਦਾ ਸਮਰਥਨ ਕਰਦੀਆਂ ਹੋਈਆਂ ਔਰਤਾਂ। ਫੋਟੋ: ਰਵੀ ਕੁਮਾਰ

ਕੁਲਦੀਪ ਸਿੰਘ

ਚੰਡੀਗੜ੍ਹ, 18 ਜਨਵਰੀ

ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਚੰਡੀਗੜ੍ਹ ਦੇ ਵੱਖ-ਵੱਖ ਪਿੰਡਾਂ ਵਿੱਚ ‘ਕਿਸਾਨ ਮਹਿਲਾ ਦਿਵਸ’ ਮਨਾਇਆ ਗਿਆ। ਇਸ ਤਹਿਤ ਪਿੰਡਾਂ ਵਿੱਚ ਔਰਤਾਂ ਵੱਲੋਂ ਝੰਡਾ ਮਾਰਚ ਕੱਢੇ ਗਏ। ਹੱਥਾਂ ਵਿੱਚ ਝੰਡੇ ਫੜ ਕੇ ਔਰਤਾਂ, ਬੱਚਿਆਂ ਅਤੇ ਨੌਜਵਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ।

ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਪਿੰਡ ਬਹਿਲਾਣਾ ਵਿੱਚ ਜਸਵਿੰਦਰ ਕੌਰ, ਖੁੱਡਾ ਅਲੀਸ਼ੇਰ ਵਿੱਚ ਸੁਖਵਿੰਦਰ ਕੌਰ ਤੇ ਪਿੰਡ ਹੱਲੋਮਾਜਰਾ ਵਿੱਚ ਬੀਬੀ ਦਲੀਪ ਕੌਰ ਦੀ ਅਗਵਾਈ ਵਿੱਚ ਝੰਡਾ ਮਾਰਚ ਕੱਢੇ ਗਏ। ਪਿੰਡ ਹੱਲੋਮਾਜਰਾ ਵਿੱਚ ਕੱਢੇ ਗਏ ਝੰਡਾ ਮਾਰਚ ਤੋਂ ਪਹਿਲਾਂ ਬੀਬੀ ਦਲੀਪ ਕੌਰ ਅਤੇ ਸੁਖਜੀਤ ਸਿੰਘ ਸੁੱਖਾ ਹੱਲੋਮਾਜਰਾ ਨੇ ਮੋਦੀ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਲਗਭਗ ਡੇਢ ਮਹੀਨੇ ਤੋਂ ਕਿਸਾਨ ਸੜਕਾਂ ਉੱਤੇ ਰੁਲ ਰਹੇ ਹਨ ਪਰ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਆਪਣੇ ਪ੍ਰਾਈਵੇਟ ਚਹੇਤਿਆਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੀਆਂ ਹਨ ਜੋ ਕਿਸੇ ਵੀ ਕੀਮਤ ਉੱਤੇ ਬਰਦਾਸ਼ਤਯੋਗ ਨਹੀਂ ਹੈ।

ਹੱਲੋਮਾਜਰਾ ਵਿੱਚ ਕੱਢੇ ਗਏ ਇਸ ਝੰਡਾ ਮਾਰਚ ਵਿੱਚ ਪਰਮਜੀਤ ਕੌਰ, ਸਵਰਨਜੀਤ ਕੌਰ, ਹਰਜੀਤ ਕੌਰ, ਅਮਨਦੀਪ ਕੌਰ, ਸੁਖਜੀਤ ਸਿੰਘ ਸੁੱਖਾ ਸਰਪੰਚ ਹੱਲੋਮਾਜਰਾ, ਜੀਤ ਨੰਬਰਦਾਰ, ਨਰਿੰਦਰ ਸਿੰਘ ਤੇ ਪਰਮ ਰੰਧਾਵਾ ਆਦਿ ਵੀ ਸ਼ਾਮਿਲ ਹੋਏ। ਇਸੇ ਤਰ੍ਹਾਂ ਪਿੰਡ ਧਨਾਸ, ਸਾਰੰਗਪੁਰ, ਡੱਡੂਮਾਜਰਾ, ਪਲਸੌਰਾ, ਮਨੀਮਾਜਰਾ, ਦੜੂਆ, ਮਲੋਆ, ਬੁਟੇਰਲਾ ਆਦਿ ਵਿੱਚ ਵੀ ਝੰਡਾ ਮਾਰਚ ਕੱਢੇ ਗਏ। ਇਸ ਦੌਰਾਨ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ, ਕਰਮ ਸਿੰਘ ਧਨੋਆ, ਕੰਵਲਜੀਤ ਕੌਰ ਭਾਟੀਆ ਨੇ ਵੀ ਸੰਬੋਧਨ ਕੀਤਾ।

ਬਨੂੜ (ਕਰਮਜੀਤ ਸਿੰਘ ਚਿੱਲਾ): ਪ੍ਰੈੱਸ ਕਲੱਬ ਬਨੂੜ ਅਤੇ ਮਿਸ਼ਨ ਵਿੱਦਿਆ ਫਾਊਂਡੇਸ਼ਨ ਵੱਲੋਂ ਅੱਜ ਇੱਥੇ ਮਨਾਏ ਗਏ ਮਹਿਲਾ ਕਿਸਾਨ ਦਿਵਸ ਮੌਕੇ ਮਹਿਲਾਵਾਂ ਨੇ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਵਿੱਚ ਸ਼ਹਿਰ ਦੀਆਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਦੀਆਂ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ। ਬਨੂੜ ਬੈਰੀਅਰ ਤੋਂ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਰੋਸ ਮਾਰਚ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸਮਾਪਤ ਹੋਇਆ। ਰੋਸ ਮਾਰਚ ਵਿੱਚ ਸ਼ਾਮਿਲ ਮਹਿਲਾਵਾਂ ਨੇ ਕਿਸਾਨਾਂ ਦੇ ਹੱਕ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਰੋਸ ਮਾਰਚ ਤੋਂ ਪਹਿਲਾਂ ਬਨੂੜ ਬੈਰੀਅਰ ਉੱਤੇ ਹੋਈ ਇਕੱਤਰਤਾ ਨੂੰ ਮਹਿਲਾ ਕਾਰਕੁਨ ਤਾਰਾ ਸ਼ਰਮਾ, ਅਮਰਜੀਤ ਕੌਰ ਬਾਸੀ, ਪ੍ਰੀਤੀ ਵਾਲੀਆ, ਕ੍ਰਿਸ਼ਨਾ ਦੇਵੀ, ਕੰਚਨਾ ਥੰਮਣ, ਰੂਪਿੰਦਰ ਕੰਗ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਇਸ ਮੌਕੇ ਬਾਬਾ ਗੁਰਦੇਵ ਸਿੰਘ ਅਤੇ ਸੰਤ ਗੁਰਦੇਵ ਸਿੰਘ ਨੇ ਵੀ ਸੰਬੋਧਨ ਕੀਤਾ।

ਸੰਸਥਾ ਵੱਲੋਂ ਅਵਤਾਰ ਸਿੰਘ, ਭੂਪਿੰਦਰ ਸਿੰਘ, ਅਸ਼ਵਿੰਦਰ ਸਿੰਘ, ਪ੍ਰੀਤਇੰਦਰ ਸਿੰਘ, ਰਛਪਾਲ ਸਿੰਘ, ਗੁਰਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਡਿੰਪਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਪੰਚਕੂਲਾ (ਪੀ.ਪੀ ਵਰਮਾ): ਖੇਤੀ ਕਾਨੂੰਨਾਂ ਖ਼ਿਲਾਫ਼ ਚੰਡੀ ਮੰਦਰ ਟੌਲ ਪਲਾਜ਼ਾ ’ਤੇ ਮਹਿਲਾ ਦਿਵਸ ਮਨਾਇਆ ਗਿਆ ਜਿੱਥੇ ਵੱਖ-ਵੱਖ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਨਾਲ ਜੁੜੀਆਂ ਔਰਤਾਂ ਨੇ ਹਿੱਸਾ ਲਿਆ। ਇਸ ਬਾਰੇ ਬਲਾਕ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਬਰਵਾਲਾ ਟੌਲ ਪਲਾਜ਼ਾ ’ਤੇ ਵੀ ਅੱਜ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ। ਇੱਥੇ ਵੀ ਆਵਾਜਾਈ ਟੌਲ ਫ੍ਰੀ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All