ਨਕਸ਼ਾ ਪ੍ਰਾਜੈਕਟ: ਜ਼ਮੀਨ ਤੇ ਜਾਇਦਾਦਾਂ ਦਾ ਸਰਵੇਖਣ ਕਰੇਗਾ ਯੂ ਟੀ ਪ੍ਰਸ਼ਾਸਨ
ਅਟਾਵਾ, ਬੁਡ਼ੈਲ, ਕਜਹੇਡ਼ੀ, ਪਲਸੌਰਾ ਅਤੇ ਸਾਰੰਗਪੁਰ ਦੀ ਪਾਇਲਟ ਪ੍ਰਾਜੈਕਟ ਵਜੋਂ ਚੋਣ
ਯੂ ਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਜ਼ਮੀਨੀ ਰਿਕਾਰਡ ਨੂੰ ਆਧੁਨਿਕ ਬਣਾਉਣ ਲਈ ਜਲਦੀ ਹੀ ਸ਼ਹਿਰ ਦੇ ਪੰਜ ਪਿੰਡਾਂ ਅਟਾਵਾ, ਬੁੜੈਲ, ਕਜਹੇੜੀ, ਪਲਸੌਰਾ ਅਤੇ ਸਾਰੰਗਪੁਰ ਦੇ ਖੇਤਰਾਂ ਵਿੱਚ ਜ਼ਮੀਨ ਤੇ ਜਾਇਦਾਦਾਂ ਦਾ ਘਰ-ਘਰ ਸਰਵੇਖਣ ਸ਼ੁਰੂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ 15 ਸੈਕਟਰਾਂ ਅਤੇ ਪੰਜ ਪਿੰਡਾਂ ਨੂੰ ਪਾਇਲਟ ਪ੍ਰਾਜੈਕਟ ਵਜੋਂ ਚੁਣਿਆ ਹੈ। ਇਸ ਦੌਰਾਨ ਸੈਕਟਰ 2 ਤੋਂ ਸੈਕਟਰ 17 ਤੱਕ (ਸੈਕਟਰ 13 ਨੂੰ ਛੱਡ ਕੇ) ਅਤੇ ਪਿੰਡ ਅਟਾਵਾ, ਬੁੜੈਲ, ਕਜਹੇੜੀ, ਪਲਸੌਰਾ ਅਤੇ ਸਾਰੰਗਪੁਰ ਸ਼ਾਮਲ ਹਨ, ਜਿੱਥੇ ਡਿਜੀਟਲ ਸਰਵੇਖਣ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਯੂ ਟੀ ਪ੍ਰਸ਼ਾਸਨ ਨੇ 15 ਸੈਕਟਰਾਂ ਦੇ 7000 ਤੋਂ ਵੱਧ ਘਰਾਂ ਵਿੱਚ ਇਹ ਸਰਵੇਖਣ ਪੂਰਾ ਕਰ ਲਿਆ ਹੈ। ਇਸ ਸਰਵੇਖਣ ਲਈ 20 ਟੀਮਾਂ ਨੂੰ ਤਾਇਨਾਤ ਕੀਤਾ ਗਿਆ।
ਇਸ ਸਰਵੇਖਣ ਦੌਰਾਨ ਯੂ ਟੀ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਜ਼ਮੀਨਾਂ ਦੀ ਮਾਲਕੀ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾਵੇਗੀ। ਇਸ ਲਈ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਸਤਾਵੇਜ਼ਾਂ ਦੀ ਤਸਦੀਕ ਦੌਰਾਨ ਜਾਇਦਾਦ ਦੇ ਅਸਲ ਦਸਤਾਵੇਜ਼ਾਂ ਦੀਆਂ ਕਾਪੀਆਂ ਦਿਖਾਉਣ। ਉਨ੍ਹਾਂ ਕਿਹਾ ਕਿ ਸਰਵੇਖਣ ਦੌਰਾਨ ਦਸਤਾਵੇਜ਼ ਡਿਜੀਟਲ ਰੂਪ ਵਿੱਚ ਅਪਲੋਡ ਕੀਤੇ ਜਾਣਗੇ ਅਤੇ ਤੁਰੰਤ ਵਾਪਸ ਕਰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਯੂ ਟੀ ਪ੍ਰਸ਼ਾਸਨ ਵੱਲੋਂ ਇਹ ਸਰਵੇਖਣ ਡਿਜੀਟਲ ਇੰਡੀਆ ਲੈਂਡ ਰਿਕਾਰਡਜ਼ ਆਧੁਨਿਕੀਕਰਨ ਪ੍ਰੋਗਰਾਮ ਤਹਿਤ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਟੀਮਾਂ ਵੱਲੋਂ ਡਰੋਨ ਸਰਵੇਖਣ, ਉੱਚ-ਰੈਜ਼ੋਲੂਸ਼ਨ ਇਮੇਜਰੀ ਅਤੇ ਭੂਗੋਲਿਕ ਸੂਚਨਾ ਪ੍ਰਣਾਲੀ ਮੈਪਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ।

