Gurdwara Amb Sahib ਦਾ ਮੈਨੇਜਰ ਮੁਅੱਤਲ
ਬਿਨਾਂ ਕਿਸੇ ਪ੍ਰਵਾਨਗੀ ਤੋਂ ਗੁਰਦੁਆਰੇ ਦੀ ਜ਼ਮੀਨ 1.32 ਕਰੋਡ਼ ਰੁਪਏ ’ਚ ਵੇਚੀ: ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਹਾਲੀ ਦੇ ਫੇਜ਼ ਅੱਠ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਸੈਣੀਮਾਜਰਾ ਵਿੱਚ ਪੈਂਦੀ 44 ਮਰਲੇ ਬਹੁ-ਕੀਮਤੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਗੁਰਦੁਆਰੇ ਦੇ ਮੈਨੇਜਰ ਰਾਜਿੰਦਰ ਸਿੰਘ ਟੌਹੜਾ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੈਨੇਜਰ ਵਿਰੁੱਧ ਕਾਨੂੰਨੀ ਕਾਰਵਾਈ ਦੀ ਹਦਾਇਤ ਕੀਤੀ ਹੈ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਾਮਲੇ ਵਿੱਚ ਜੇ ਮੈਨੇਜਰ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਮੇਟੀ ਦੇ ਕਿਸੇ ਵੀ ਅਧਿਕਾਰੀ ਜਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਆਪਣੇ ਪੱਧਰ ’ਤੇ ਗੁਰੂ ਘਰ ਨਾਲ ਸਬੰਧਤ ਕਿਸੇ ਜਾਇਦਾਦ ਨੂੰ ਵੇਚ ਸਕੇ। ਮੈਨੇਜਰ ਨੇ ਬਿਨਾਂ ਕਿਸੇ ਦਫ਼ਤਰੀ ਪ੍ਰਵਾਨਗੀ ਦੇ ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਸੈਣੀਮਾਜਰਾ ਦੀ ਜ਼ਮੀਨ 1.32 ਕਰੋੜ ਰੁਪਏ ਵਿੱਚ ਵੇਚ ਦਿੱਤੀ, ਜਿਸ ਦੀ ਰਜਿਸਟਰੀ 2 ਦਸੰਬਰ 2025 ਨੂੰ 4 ਜਣਿਆਂ ਦੇ ਨਾਮ ਧੋਖੇ ਨਾਲ ਕੀਤੀ ਗਈ। ਮੈਨੇਜਰ ਵੱਲੋਂ ਸ਼੍ਰੋਮਣੀ ਕਮੇਟੀ ਦਾ ਜਾਅਲੀ ਸਰਟੀਫਿਕੇਟ ਤਿਆਰ ਕਰਕੇ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ ਹੈ। ਵਿਭਾਗੀ ਜਾਂਚ ਪੜਤਾਲ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਸਬ-ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

