DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

WhatsApp ਹੈਕ ਕਰਕੇ ਬਣਿਆ ਮਾਲਕ, ਅਕਾਊਂਟੈਂਟ ਨੂੰ ਮੈਸੇਜ ਕਰਕੇ ਉਡਾਏ 3.16 ਕਰੋੜ

Cyber Crime: ਪੁਲੀਸ ਨੇ ਲਗਪਗ 1.5 ਕਰੋੜ ਰੁਪਏ ਰੋਕੇ; ਮੁਹਾਲੀ, ਦਿੱਲੀ ਅਤੇ ਦੱਖਣੀ ਰਾਜਾਂ ਵਿੱਚ ਛਾਪੇਮਾਰੀ ਜਾਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Cyber Fraud:ਸਾਈਬਰ ਠੱਗਾਂ ਨੇ ਹੁਣ ਤਕਨੀਕੀ ਸਾਧਨਾਂ ਦੀ ਦੁਰਵਰਤੋਂ ਕਰਦਿਆਂ ਕਾਰੋਬਾਰੀ ਜਗਤ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ ਉਸਾਰੀ ਕੰਪਨੀ ਨਾਲ 3.16 ਕਰੋੜ ਰੁਪਏ ਦੀ ਸਾਈਬਰ ਠੱਗੀ ਵੱਜਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਠੱਗਾਂ ਨੇ ਇੱਕ ਫ਼ਰਜ਼ੀ ਜ਼ਿਪ (ZIP) ਫ਼ਾਈਲ ਭੇਜੀ ਅਤੇ ਵਟਸਐਪ ਖਾਤਾ ਹੈਕ ਕਰ ਲਿਆ। ਜਿਸ ਨਾਲ ਧੋਖੇਬਾਜ਼ਾਂ ਨੇ ਕੰਪਨੀ ਦੇ ਮਾਲਕ ਵਿਜੇ ਚਿਲਾਨਾ ਵਜੋਂ ਪੇਸ਼ ਹੋਣ ਅਤੇ ਲੇਖਾਕਾਰ (ਅਕਾਊਂਟੈਂਟ) ਨੂੰ ਕਈ ਬੈਂਕ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕਰਨ ਲਈ ਕਹਿਣ ਦਾ ਮੌਕਾ ਮਿਲ ਗਿਆ।

Advertisement

ਮਾਲਕ ਬਣ ਅਕਾਊਂਟੈਂਟ ਤੋਂ ਕਰਾਏ ਪੈਸੇ ਟਰਾਂਸਫਰ

ਐੱਫ.ਆਈ.ਆਰ. ਦੇ ਅਨੁਸਾਰ ਕੰਪਨੀ ਸਟੀਲ ਦੀ ਸਪਲਾਈ ਲਈ ਓਡੀਸ਼ਾ ਵਿੱਚ ਸ਼੍ਰੀ ਸ਼ਿਆਮਜੀ ਸਟੀਲ ਨਾਲ ਨਿਯਮਤ ਤੌਰ 'ਤੇ ਡੀਲ ਕਰਦੀ ਸੀ। 6 ਅਗਸਤ ਨੂੰ, ਸਟੀਲ ਸਪਲਾਇਰ ਦੇ ਨਾਮ 'ਤੇ ਵਰਤੇ ਜਾ ਰਹੇ ਇੱਕ ਨੰਬਰ ਤੋਂ ਕੰਪਨੀ ਦੇ ਵਟਸਐਪ ਨੰਬਰ 'ਤੇ “08.05 statements of account.zip” ਨਾਮ ਦੀ ਇੱਕ ਜ਼ਿਪ ਫ਼ਾਈਲ ਪ੍ਰਾਪਤ ਹੋਈ ਸੀ। ਕੰਪਨੀ ਦੀ ਅਕਾਊਂਟੈਂਟ ਏਕਤਾ ਨੇ ਉਸ ਫ਼ਾਈਲ ਨੂੰ ਡਾਊਨਲੋਡ ਕਰਕੇ ਖੋਲ੍ਹਿਆ, ਜੋ ਕਿ ਖਾਲੀ ਦਿਖਾਈ ਦਿੱਤੀ।

Advertisement

ਅਗਲੇ ਦਿਨ, ਕੰਪਨੀ ਦੇ ਲੈਪਟਾਪ 'ਤੇ ਕਿਸੇ ਹੋਰ ਨੰਬਰ ਤੋਂ ਇੱਕ ਸੁਨੇਹਾ ਪ੍ਰਾਪਤ ਹੋਇਆ। ਵਟਸਐਪ ਚੈਟ ਵਿੱਚ ਚਿਲਾਨਾ ਦੇ ਅਸਲੀ ਨੰਬਰ ਦੀਆਂ ਪਿਛਲੀਆਂ ਗੱਲਾਂਬਾਤਾਂ ਸਨ। ਕਿਉਂਕਿ ਉਹ ਕਈ ਮੋਬਾਈਲ ਨੰਬਰ ਵਰਤਦਾ ਸੀ, ਇਸ ਲਈ ਅਕਾਊਂਟੈਂਟ ਨੇ ਮੰਨ ਲਿਆ ਕਿ ਸੁਨੇਹੇ ਉਸਦੇ ਮਾਲਕ ਵੱਲੋਂ ਸਨ।

ਚਿਲਾਨਾ ਵਜੋਂ ਪੇਸ਼ ਹੋਣ ਵਾਲੇ ਵਿਅਕਤੀ ਨੇ ਪਹਿਲਾਂ ਉਸਨੂੰ ਕੰਪਨੀ ਦੇ ਬੈਂਕ ਖਾਤਿਆਂ ਦੇ ਬਕਾਇਆ ਚੈੱਕ ਕਰਨ ਲਈ ਕਿਹਾ ਅਤੇ ਫਿਰ ਉਸਨੂੰ ਨਿਰਧਾਰਤ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕਰਨ ਦੇ ਨਿਰਦੇਸ਼ ਦਿੱਤੇ।

ਐੱਫ.ਆਈ.ਆਰ. ਵਿੱਚ ਕਿਹਾ ਗਿਆ ਹੈ ਕਿ ਪੁਨਾਪੁਰੇਡੀ ਪਕਾਸ਼ਾਸਤ੍ਰਾਲੂ ਪ੍ਰਾਈਵੇਟ ਲਿਮਟਿਡ ਅਤੇ ਤੈਬਾ ਫੁਟਵੀਅਰ ਦੇ ਨਾਮ 'ਤੇ ਮੌਜੂਦ ਖਾਤਿਆਂ ਵਿੱਚ ਫਰਮ ਦੇ ਯੈੱਸ ਬੈਂਕ ਖਾਤੇ ਵਿੱਚੋਂ 80 ਲੱਖ ਰੁਪਏ ਅਤੇ 30 ਲੱਖ ਰੁਪਏ ਟਰਾਂਸਫਰ ਕੀਤੇ ਗਏ ਸਨ। ਸੁਸ਼ੀਲ ਗਜਾਨਨ ਕੋਲਕਰ ਅਤੇ ਇੰਟੀਗ੍ਰੇਟੇਡ ਵੂਮੈਨ ਡਿਵੈਲਪਮੈਂਟ ਸੋਸਾਇਟੀ ਰਾਧਾਪੁਰਮ ਦੇ ਨਾਮ 'ਤੇ ਬਣੇ ਖਾਤਿਆਂ ਵਿੱਚ ਐੱਚ.ਡੀ.ਐੱਫ.ਸੀ. ਬੈਂਕ ਖਾਤੇ ਤੋਂ 1 ਕਰੋੜ ਰੁਪਏ ਅਤੇ 1.06 ਕਰੋੜ ਰੁਪਏ ਦੇ ਦੋ ਹੋਰ ਟਰਾਂਸਫਰ ਕੀਤੇ ਗਏ। ਚਾਰਾਂ ਟ੍ਰਾਂਸਫਰਾਂ ਦੀ ਕੁੱਲ ਰਕਮ 3.16 ਕਰੋੜ ਰੁਪਏ ਬਣਦੀ ਹੈ।

ਟ੍ਰਾਂਜੈਕਸ਼ਨ ਅਲਰਟ ਪ੍ਰਾਪਤ ਹੋਣ 'ਤੇ ਚਿਲਾਨਾ ਦੁਆਰਾ ਆਪਣੇ ਅਸਲੀ ਨੰਬਰ ਤੋਂ ਦਫ਼ਤਰ ਨੂੰ ਫ਼ੋਨ ਕਰਨ ਅਤੇ ਅਕਾਊਂਟੈਂਟ ਨੂੰ ਕੋਈ ਹੋਰ ਭੁਗਤਾਨ ਨਾ ਕਰਨ ਦੀ ਹਦਾਇਤ ਕਰਨ ਤੋਂ ਬਾਅਦ 60 ਲੱਖ ਰੁਪਏ ਟ੍ਰਾਂਸਫਰ ਕਰਨ ਦੀ ਅੱਗੇ ਦੀ ਹਦਾਇਤ ਨੂੰ ਰੋਕ ਦਿੱਤਾ ਗਿਆ।

ਹਾਲਾਂਕਿ ਪੁਲੀਸ ਨੇ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਲਗਪਗ 1.5 ਕਰੋੜ ਰੁਪਏ, ਜੋ ਕਿ ਠੱਗੀ ਗਈ ਰਕਮ ਦਾ ਲਗਪਗ 50 ਪ੍ਰਤੀਸ਼ਤ ਹੈ, ਪਹਿਲਾਂ ਹੀ ਹੋਲਡ ਕਰ ਦਿੱਤੇ ਹਨ। ਇਸ ਠੱਗੀ ਦੀ ਘਟਨਾ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਕ੍ਰਾਈਮ ਐਂਡ ਟ੍ਰੈਫਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ, ਸੈਕਟਰ 20, ਪੰਚਕੂਲਾ ਵਿਖੇ 8 ਅਗਸਤ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ। ਧੋਖਾਧੜੀ 6 ਅਗਸਤ ਨੂੰ ਸਵੇਰੇ 11.12 ਵਜੇ ਤੋਂ 7 ਅਗਸਤ ਨੂੰ ਅੱਧੀ ਰਾਤ ਦੇ ਵਿਚਕਾਰ ਹੋਈ। ਇਹ ਮਾਮਲਾ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4), 319(2), 336(3), 338 ਅਤੇ 340(2) ਤਹਿਤ ਦਰਜ ਕੀਤਾ ਗਿਆ ਹੈ।

ਰੇਲਵੇ ਪੁਲਾਂ ਦੀ ਉਸਾਰੀ ਦਾ ਕੰਮ ਕਰਦੀ ਹੈ ਕੰਪਨੀ

ਇਹ ਸ਼ਿਕਾਇਤ ਆਰ.ਐੱਸ. ਕੰਸਟ੍ਰਕਸ਼ਨ, ਜੋ ਰੇਲਵੇ ਪੁਲਾਂ ਦੀ ਉਸਾਰੀ ਦੇ ਸਰਕਾਰੀ ਠੇਕੇ ਪੂਰੇ ਕਰਨ ਵਾਲੀ ਇੱਕ ਫਰਮ ਹੈ, ਦੇ ਚਾਰ ਭਾਈਵਾਲਾਂ ਵਿੱਚੋਂ ਇੱਕ ਵਿਜੇ ਚਿਲਾਨਾ ਦੀ ਪਤਨੀ ਦਿਸ਼ਾ ਵੱਲੋਂ ਦਰਜ ਕਰਵਾਈ ਗਈ ਸੀ। ਫਰਮ ਦਾ ਮੁੱਖ ਦਫ਼ਤਰ ਜੀਂਦ ਵਿੱਚ ਹੈ ਅਤੇ ਸਵਾਸਤਿਕ ਵਿਹਾਰ, ਐੱਮ.ਡੀ.ਸੀ., ਸੈਕਟਰ 5, ਪੰਚਕੂਲਾ ਵਿੱਚ ਇੱਕ ਬ੍ਰਾਂਚ ਦਫ਼ਤਰ ਹੈ। ਇਸ ਦੇ ਚੱਲ ਰਹੇ ਪ੍ਰੋਜੈਕਟਾਂ ਵਿੱਚ ਓਡੀਸ਼ਾ, ਕੋਲਕਾਤਾ ਅਤੇ ਝਾਰਖੰਡ ਦੇ ਸਾਈਟਾਂ ਸ਼ਾਮਲ ਹਨ।

ਪੁਲੀਸ ਨੇ ਹੁਣ ਲਾਭਪਾਤਰੀਆਂ ਅਤੇ ਧੋਖਾਧੜੀ ਪਿੱਛੇ ਹੱਥ ਹੋਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੀਸੀਪੀ ਸਿੰਘ ਨੇ ਦੱਸਿਆ ਕਿ ਮੋਹਾਲੀ, ਦਿੱਲੀ ਅਤੇ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੱਥੇ ਏ.ਟੀ.ਐੱਮ. ਰਾਹੀਂ ਨਕਦੀ ਕਢਵਾਈ ਗਈ ਸੀ।

ਉਨ੍ਹਾਂ ਖੁਲਾਸਾ ਕੀਤਾ, “ਠੱਗੀ ਗਈ ਰਕਮ ਦਾ ਲਗਪਗ 95 ਪ੍ਰਤੀਸ਼ਤ ਹਿੱਸਾ ਦੱਖਣੀ ਰਾਜਾਂ, ਮੁੱਖ ਤੌਰ 'ਤੇ ਮਹਾਰਾਸ਼ਟਰ, ਤਾਮਿਲਨਾਡੂ ਅਤੇ ਕੇਰਲ ਵੱਲ ਭੇਜਿਆ ਗਿਆ ਸੀ। ਪੁਲੀਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਇਨ੍ਹਾਂ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾਵੇਗੀ।”

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਦਫ਼ਤਰ ਦਾ ਲੈਪਟਾਪ ਅਤੇ ਵਟਸਐਪ ਹੈਕ ਕਰ ਲਿਆ ਗਿਆ ਸੀ, ਮਾਲਕ ਦੀ ਚੈਟ ਹਿਸਟਰੀ ਨੂੰ ਬਦਲ ਦਿੱਤਾ ਗਿਆ ਸੀ ਅਤੇ ਜ਼ਿਪ ਫ਼ਾਈਲ ਧੋਖਾਧੜੀ ਦੇ ਇਰਾਦੇ ਨਾਲ ਭੇਜੀ ਗਈ ਸੀ। ਉਸਨੇ ਇਸ ਗੱਲ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਕਿ ਕੰਪਨੀ ਦੇ ਕ੍ਰੈਡਿਟ ਖਾਤਿਆਂ ਵਿੱਚੋਂ ਇੰਨੇ ਵੱਡੇ ਲੈਣ-ਦੇਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ ਅਤੇ ਪੈਸੇ ਦੀ ਰਿਕਵਰੀ ਕਿਵੇਂ ਕੀਤੀ ਜਾਵੇ।

ਡੀਸੀਪੀ ਨੇ ਕਿਹਾ, “ਜਾਂਚ ਨੂੰ ਤਰਜੀਹ ਦੇ ਆਧਾਰ 'ਤੇ ਲਿਆ ਗਿਆ ਹੈ। ਅਸੀਂ ਕੇਸ ਨੂੰ ਜਲਦੀ ਹੀ ਸੁਲਝਾਉਣ ਲਈ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੇ ਹਾਂ।”

ਐੱਫ.ਆਈ.ਆਰ. ਵਿੱਚ ਕਿਸੇ ਵੀ ਸ਼ੱਕੀ ਦਾ ਨਾਮ ਨਹੀਂ ਹੈ ਅਤੇ ਇਹ ਮਾਮਲਾ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ, ਉਸਦੇ ਪਰਿਵਾਰਕ ਮੈਂਬਰ ਅਤੇ ਅਕਾਊਂਟੈਂਟ ਸਾਈਬਰ ਕ੍ਰਾਈਮ ਪੁਲੀਸ ਸਾਹਮਣੇ ਹਾਜ਼ਰ ਹੋਏ ਅਤੇ ਆਪਣੇ ਬਿਆਨ ਦਰਜ ਕਰਵਾਏ।

Advertisement
×