ਮਾਜਰੀ ਸਮਿਤੀ ਚੋਣ: ਅਕਾਲੀ ਦਲ ਵੱਲੋਂ ‘ਆਪ’ ਨੂੰ ਝਟਕਾ
ਅਕਾਲੀ ਦਲ ਦੀ ਬਿਮਲਾ ਚੇਅਰਪਰਸਨ ਤੇ ਜਸਵੀਰ ਵਾਈਸ ਚੇਅਰਪਰਸਨ ਬਣੀਆਂ
ਬਲਾਕ ਸਮਿਤੀ ਮਾਜਰੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਅੱਜ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੋਈ। ਇਸ ਚੋਣ ਦੌਰਾਨ ਬਹੁਮਤ ਦਾ ਦਾਅਵਾ ਕਰਨ ਵਾਲੀ ਸੱਤਾਧਾਰੀ ‘ਆਪ’ ਨੂੰ ਝਕਟਾ ਦਿੰਦਿਆਂ ਅਕਾਲੀ ਦਲ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੋਵੇਂ ਅਹੁਦਿਆਂ ’ਤੇ ਕਾਬਜ਼ ਹੋ ਗਿਆ।
ਇਹ ਚੋਣ ਹਾਈ ਕੋਰਟ ਵੱਲੋਂ ਨਿਯੁਕਤ ਆਬਜ਼ਰਵਰ ਦੀ ਦੇਖ-ਰੇਖ ਹੇਠ ਰਿਟਰਨਿੰਗ ਅਫ਼ਸਰ ਐੱਸ ਡੀ ਐੱਮ ਖਰੜ ਨੇ ਬੈਲੇਟ ਪੇਪਰਾਂ ਨਾਲ ਕਰਵਾਈ। ਚੋਣ ਦੌਰਾਨ ਅਕਾਲੀ ਦਲ ਦੀ ਚੇਅਰਪਰਸਨ ਦੀ ਉਮੀਦਵਾਰ ਬਿਮਲਾ ਮਿਰਜ਼ਾਪੁਰ ਤੇ ਵਾਈਸ ਚੇਅਰਪਰਸਨ ਦੀ ਉਮੀਦਵਾਰ ਜਸਵੀਰ ਕੌਰ ਦੁਸਾਰਨਾ ਨੂੰ ਅੱਠ ਵੋਟਾਂ ਪਈਆਂ ਜਦੋਂਕਿ ਸੱਤਾਧਾਰੀ ‘ਆਪ’ ਦੇ ਉਮੀਦਵਾਰਾਂ ਨੂੰ ਵਿਧਾਇਕ ਦੀ ਵੋਟ ਸਣੇ ਸੱਤ ਵੋਟਾਂ ਪਈਆਂ। ਬਲਾਕ ਸਮਿਤੀ ਮਾਜਰੀ ਦੇ ਕੁੱਲ 15 ਮੈਂਬਰਾਂ ਵਿੱਚੋਂ ਅਕਾਲੀ ਦਲ ਦੇ ਅੱਠ ਅਤੇ ਸੱਧਾਧਾਰੀ ‘ਆਪ’ ਦੇ ਪੰਜ ਮੈਂਬਰ ਜੇਤੂ ਰਹੇ ਸਨ, ਜਦੋਂਕਿ ਇੱਕ ਸੀਟ ਕਾਂਗਰਸ ਅਤੇ ਇੱਕ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ ਸੀ। ਚੇਅਰਮੈਨ ਦੀ ਚੋਣ ਲਈ ‘ਆਪ’ ਨੇ ਅਕਾਲੀ ਦਲ ਦੇ ਇੱਕ ਸਮਿਤੀ ਮੈਂਬਰ ਤੇ ਇੱਕ ਆਜ਼ਾਦ ਮੈਂਬਰ ਨੂੰ ਪਾਰਟੀ ਵਿੱਚ ਸ਼ਾਮਲ ਕਰ ਕੇ ਬਹੁਮਤ ਹਾਸਲ ਕਰਨ ਦਾ ਪੈਂਤੜਾ ਖੇਡਿਆ ਸੀ। ਹਲਕਾ ਵਿਧਾਇਕ ਵੀ ਇਸ ਚੋਣ ਦੌਰਾਨ ਵੋਟ ਪਾਉਣ ਲਈ ਪੁੱਜੇ। ਇੱਕ ਕਰਾਸ ਵੋਟ ਪੈਣ ਕਾਰਨ ਸੱਤਾਧਾਰੀ ਧਿਰ ਨੂੰ ਮੂੰਹ ਦੀ ਖਾਣੀ ਪਈ। ਇਸ ਚੋਣ ਦੌਰਾਨ ਕਾਂਗਰਸ ਦਾ ਇਕਲੌਤਾ ਸਮਿਤੀ ਮੈਂਬਰ ਗ਼ੈਰ-ਹਾਜ਼ਰ ਰਿਹਾ। ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਇਸ ਨੂੰ ਲੋਕਤੰਤਰ ਦੀ ਜਿੱਤ ਦੱਸਿਆ ਹੈ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਐੱਸ ਜੀ ਪੀ ਸੀ ਮੈਂਬਰ ਅਜਮੇਰ ਸਿੰਘ ਖੇੜਾ, ਦਿਲਬਾਗ ਸਿੰਘ ਮੀਆਂਪੁਰ ਆਦਿ ਹਾਜ਼ਰ ਸਨ।

