ਚੰਡੀਗੜ੍ਹ ਪੁਲੀਸ ਨੇ ਸੈਕਟਰ 9 ਵਿਖੇ ਜਿਮ ਦੇ ਬਾਹਰ ਮਾਰਚ ਮਹੀਨੇ ਵਿੱਚ ਹੋਏ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਦੇ ਕਤਲ ਮਾਮਲੇ ਵਿੱਚ ਮਾਸਟਰਮਾਈਟ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਹਿਲਾ ਦੀ ਪਛਾਣ ਸੈਕਟਰ 35 ਵਿੱਚ ਰਹਿਣ ਵਾਲੀ ਅਮਰੀਨ ਵਜੋਂ ਹੋਈ ਹੈ, ਜਿਸ ਨੇ ਪ੍ਰਾਪਰਟੀ ਵਿਵਾਦ ਕਾਰਨ ਗੈਂਗਸਟਰਾਂ ਨੂੰ ਪੈਸੇ ਦੇ ਕੇ ਪ੍ਰਾਪਰਟੀ ਡੀਲਰ ਦਾ ਕਤਲ ਕਰਵਾਇਆ ਸੀ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਮਰੀਨ ਤੇ ਚਮਨਪ੍ਰੀਤ ਵਿਚਾਕਰ ਨਿਊ ਚੰਡੀਗੜ੍ਹ ਦੀ ਪ੍ਰਾਪਰਟੀ ਸਬੰਧੀ ਵਿਵਾਦ ਚੱਲ ਰਿਹਾ ਸੀ। ਅਮਰੀਨ ਮੁਤਾਬਕ ਚਮਨਪ੍ਰੀਤ ਨੇ ਉਸ ਨਾਲ ਧੋਖਾ ਕੀਤਾ ਹੈ, ਜਿਸ ਕਰਕੇ ਉਸ ਨੂੰ ਕਾਬੂ ਵਿੱਤੀ ਨੁਕਸਾਨ ਹੋਇਆ। ਚੰਡੀਗੜ੍ਹ ਪੁਲੀਸ ਦੇ ਐੱਸ ਪੀ ਮਨਜੀਤ ਸ਼ੈਰੌਨ ਨੇ ਕਿਹਾ ਕਿ ਅਮਰੀਨ ਵੱਲੋਂ ਚਮਨਪ੍ਰੀਤ ਦੇ ਕਤਲ ਲਈ ਲੱਕੀ ਪਟਿਆਲ ਨਾਲ ਸੰਪਰਕ ਕੀਤਾ। ਕੈਂਬਵਾਲਾ ਦੇ ਪ੍ਰਾਪਰਟੀ ਡੀਲਰ ਹਰਸ਼ਪ੍ਰੀਤ ਸਿੰਘ ਨੇ ਅਮਰੀਨ ਦੀ ਲੱਕੀ ਪਟਿਆਲ ਨਾਲ ਗੱਲਬਾਤ ਕਰਵਾਈ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਵਿੱਚ ਕਾਰਵਾਈ ਕਰਦਿਆਂ 29 ਅਪਰੈਲ ਨੂੰ ਹਰਸ਼ਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਸਾਰੇ ਮਾਮਲੇ ਦਾ ਖੁਲਾਸਾ ਹੋਇਆ। ਚੰਡੀਗੜ੍ਹ ਪੁਲੀਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 18 ਮਾਰਚ ਨੂੰ ਸੈਕਟਰ 9 ਵਿੱਚ ਜਿਮ ਦੇ ਬਾਹਰ ਮੋਟਰਸਾਈਕਲ ਸਵਾਰ ਨੌਜਵਾਨ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਪੁਲੀਸ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਡੇਢ ਮਹੀਨੇ ਬਾਅਦ ਮਾਸਟਰਮਾਈਂਡ ਨੂੰ ਵੀ ਗ੍ਰਿਫਤਾਰ ਕਰ ਲਿਆ।

