ਲਗਜ਼ਰੀ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਲਗਜ਼ਰੀ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਗ੍ਰਿਫ਼ਤਾਰ ਕੀਤਾ ਮੁਲਜ਼ਮ ਕਾਰਾਂ ਸਣੇ ਪੁਲੀਸ ਹਿਰਾਸਤ ਵਿੱਚ। -ਫੋਟੋ: ਆਤਿਸ਼

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਕਤੂਬਰ

ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਲਗਜ਼ਰੀ ਕਾਰਾਂ ਚੋਰੀ ਕਰਨ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਊਸ ਤੋਂ ਇਕ ਕਰੋੜ ਤੋਂ ਵਧ ਲਾਗਤ ਦੀਆਂ 9 ਗੱਡੀਆਂ ਬਰਾਮਦ ਕੀਤੀਆਂ ਹਨ। ਇਹ ਕਾਰਵਾਈ ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਚੰਦਰ ਵਿਹਾਰ ਦਿੱਲੀ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਪਰਾਧ ਸ਼ਾਖਾ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਥਾਣਾ ਮਲੋਆ ਵਿੱਚ 10 ਜੁਲਾਈ 2020 ਨੂੰ ਦਰਜ ਕੇਸ ਸੰਬਧੀ ਕਾਬੂ ਕੀਤਾ ਸੀ। ਊਸ ਤੋਂ ਜਦੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਊਸ ਦੀ ਨਿਸ਼ਾਨਦੇਹੀ ’ਤੇ ਚੋਰੀ ਦੀਆਂ 9 ਗੱਡੀਆਂ ਬਰਾਮਦ ਕੀਤੀਆਂ ਗਈਆਂ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਅਨੁਸਾਰ ਗਰੋਹ ਦੇ ਮੈਂਬਰ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚੋਂ 200 ਤੋਂ ਵੱਧ ਗੱਡੀਆਂ ਚੋਰੀ ਕਰ ਚੁੱਕੇ ਹਨ। ਇਨ੍ਹਾਂ ਕਾਰਾ ਨੂੰ ਗਰੋਹ ਦੇ ਮੈਂਬਰ ਯੂਪੀ ਵਿੱਚ ਸਕਰੈਪ ਡੀਲਰ ਨੂੰ ਵੇਚ ਦਿੰਦੇ ਸਨ।

ਪੁਲੀਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਪਹਿਲਾਂ ਵੀ 6 ਕੇਸ ਚੱਲ ਰਹੇ ਹਨ ਜਦਕਿ ਅਦਾਲਤ ਨੇ ਇਕ ਕੇਸ ਵਿੱਚ ਊਸ ਨੂੰ ਭਗੌੜਾ ਐਲਾਨਿਆ ਸੀ। ਅਪਰਾਧ ਸ਼ਾਖਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਪ੍ਰੀਤ ਕਾਰ ਚੋਰੀ ਕਰਨ ਵਾਲੇ ਗਰੋਹ ਦਾ ਸਰਗਰਮ ਮੈਂਬਰ ਹੈ। ਚੋਰੀ ਦੀ ਇਕ ਕਾਰ ਨੂੰ ਇਕ ਲੱਖ ਤੋਂ ਤਿੰਨ ਲੱਖ ਰੁਪਏ ਤੱਕ ਸਕਰੈਪ ਡੀਲਰ ਨੂੰ ਵੇਚ ਦਿੱਤਾ ਜਾਂਦਾ ਹੈ। ਪੁਲੀਸ ਲੇ ਗਰੋਹ ਦੇ ਹੋਰਨਾਂ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ।

ਸਰਾਫ ਦੀ ਦੁਕਾਨ ਵਿੱਚੋਂ ਨਕਦੀ ਤੇ ਗਹਿਣੇ ਲੁੱਟੇ

ਅੰਬਾਲਾ (ਰਤਨ ਸਿੰਘ ਢਿੱਲੋਂ): ਕਸਬਾ ਬਰਾੜਾ ਵਿੱਚ ਅੱਜ ਸ਼ਾਮ 5 ਵਜੇ ਦੇਸੀ ਕੱਟਿਆਂ ਅਤੇ ਪਿਸਤੌਲਾਂ ਨਾਲ ਲੈਸ ਅੱਧੀ ਦਰਜਨ ਬਦਮਾਸ਼ਾਂ ਨੇ ਗੋਵਿੰਦ ਜਿਊਲਰ ਦੀ ਦੁਕਾਨ ਵਿੱਚ ਲੁੱਟ-ਮਾਰ ਕੀਤੀ। ਲੁਟੇਰਿਆਂ ਨੇ ਦੁਕਾਨ ਦੇ ਮਾਲਕ ਨਰਿੰਦਰ ਅਤੇ ਉਸ ਦੇ ਕਾਰੀਗਰ ਸੋਨੂੰ ਨੂੰ ਪਿਸਤੌਲ ਦਿਖਾ ਕੇ ਦੁਕਾਨ ਵਿਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੁੱਟ ਲਏ ਤੇ ਫਰਾਰ ਹੋ ਗਏ। ਘਟਨਾ ਨੂੰ ਦੇਖ ਕੇ ਗੁਆਂਢੀ ਦੁਕਾਨਦਾਰ ਅੱਗੇ ਆਏ ਪਰ ਬਦਮਾਸ਼ਾਂ ਦੇ ਹੱਥਾਂ ਵਿਚ ਹਥਿਆਰ ਦੇਖ ਕੇ ਊਹ ਪਿੱਛੇ ਹੱਟ ਗਏ। ਲੁੱਟ ਤੋਂ ਬਾਅਦ ਬਦਮਾਸ਼ਾਂ ਨੇ ਹਵਾਈ ਫਾਇਰ ਵੀ ਕੀਤੇ। ਦੁਕਾਨਦਾਰ ਆਪਣੇ ਨਾਲ ਵਾਪਰੀ ਇਸ ਘਟਨਾ ਤੋਂ ਸਦਮੇ ਵਿਚ ਹੈ ਅਤੇ ਉਸ ਦੇ ਪਰਿਵਾਰ ਦਾ ਮਾੜਾ ਹਾਲ ਹੈ। ਅਜੇ ਤੱਕ ਨੁਕਸਾਨ ਦਾ ਕੁੱਲ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ ਕਰੀਬ 5 ਵਜੇ ਨਕਾਬਪੋਸ਼ ਬਦਮਾਸ਼ ਤਿੰਨ ਸਪਲੈਂਡਰ ਬਾਈਕਾਂ ’ਤੇ ਸਵਾਰ ਹੋ ਕੇ ਆਏ ਸਨ। ਇਨ੍ਹਾਂ ਵਿਚੋਂ ਦੋ ਜਾਂ ਤਿੰਨ ਬਦਮਾਸ਼ ਦੁਕਾਨ ਦੇ ਅੰਦਰ ਗਏ ਅਤੇ ਮਾਲਕ ਤੇ ਕਾਰੀਗਰ ਨੂੰ ਗੰਨ ਪੁਆਇੰਟ ’ਤੇ ਲੈ ਕੇ ਦੁਕਾਨ ਅੰਦਰ ਪਿਆ ਸੋਨਾ ਤੇ ਕੈਸ਼ ਲੁੱਟ ਲਿਆ। ਇਸ ਤੋਂ ਬਾਅਦ ਬਦਮਾਸ਼ ਹਵਾਈ ਫਾਇਰ ਕਰਦੇ ਹੋਏ ਆਪਣੇ ਬਾਈਕਾਂ ’ਤੇ ਸਵਾਰ ਹੋ ਕੇ ਅਧੋਇਆ ਵੱਲ ਨਿਕਲ ਗਏ। ਬਦਮਾਸ਼ ਜਾਂਦੇ ਸਮੇਂ ਆਪਣੇ ਨਾਲ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਲੈ ਗਏ। ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ। ਥਾਣਾ ਇੰਚਾਰਜ ਵਰਿੰਦਰ ਵਾਲੀਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All